ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਭਾਵਨਾ (Possibility) ਕਹਿੰਦਾ ਹੈ। ਜਦੋਂ 'ਮੈਂ' ਕਿਸੇ ਅਜਿਹੇ ਕਾਰਜ ਬਾਰੇ ਸੋਚਦਾ ਹਾਂ ਜੋ ਕਿਸੇ ਨੇ ਪੂਰਾ ਕਰ ਲਿਆ ਹੈ, ਇਹ ਮੇਰੇ ਲਈ ਇੱਕ ਸੰਭਾਵਨਾ ਹੀ ਹੈ। ਇੰਜ ਸੋਚਿਆ ਯਥਾਰਥ ਵਿਚਾਰ ਦੀ ਦ੍ਰਿਸ਼ਟੀ ਤੋਂ ਬੜਾ ਉੱਚਾ ਜਾਪਦਾ ਹੈ ਪਰ ਇਹ ਅਸਲੀ ਯਥਾਰਥ ਨਹੀਂ। ਕਿਹਾ ਜਾ ਸਕਦਾ ਕਿ ਬੰਦੇ-ਬੰਦੇ ਵਿਚਕਾਰ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਕੋਈ ਫੌਰੀ ਸੁਮੇਲ ਨਹੀਂ। ਦੂਜੇ ਬੰਦੇ ਦਾ ਕੀਤਾ ਕੰਮ ਮੇਰੇ ਲਈ ਕੇਵਲ ਸੰਭਾਵਨਾ ਹੀ ਹੈ ਅਰਥਾਤ ਸੋਚਿਆ ਯਥਾਰਥ ਹੀ ਹੈ। ਮੈਂ ਤਾਂ ਅਜੇ ਅਜਿਹਾ ਕੁੱਝ ਕਰਨਾ ਹੈ।

ਇੱਕ-ਤਰਫ਼ਾਪਨ (One-Sidedness)

ਹਰ ਇੱਕ ਨਾਮਵਰ ਵਿਅਕਤੀ ਵਿੱਚ ਆਪਣੇ ਤੌਰ ਤੇ ਕੁੱਝ ਨਾ ਕੁੱਝ ਵਿਲੱਖਣ (ਇੱਕ-ਤਰਫ਼ਾਪਨ) ਹੁੰਦਾ ਹੈ। ਇਸੇ ਇੱਕ-ਤਰਫ਼ਾਪਨ ਵਿੱਚ ਉਸਦੀ ਮਹਾਨਤਾ ਹੁੰਦੀ ਹੈ ਪਰ ਇਹ ਆਪਣੇ ਆਪ ਵਿੱਚ ਵਡੱਪਣ ਨਹੀਂ ਹੁੰਦਾ। ਅਜੋਕੀ ਪੀੜ੍ਹੀ ਵਿਗਿਆਨ ਅਤੇ ਬੌਧਿਕਤਾ ਵਿੱਚ ਇੱਕ-ਤਰਫ਼ੇਪਨ ਦਾ ਵਿਖਾਵਾ ਕਰ ਰਹੀ ਹੈ, ਪਰ ਕੀਰਕੇਗਾਰਦ ਅਨੁਸਾਰ ਬਦਕਿਸਮਤੀ ਇਹ ਨਹੀਂ ਕਿ ਅਜੋਕਾ ਸਮਾਂ ਇੱਕ-ਤਰਫ਼ੇਪਨ ਦਾ ਹੈ, ਸਗੋਂ ਦੁਰਭਾਗ ਤਾਂ ਇਹ ਹੈ ਕਿ ਇਹ ਅਮੂਰਤ ਰੂਪ ਵਿੱਚ ਸਭ ਪਾਸੇ (all-sided) ਹੈ। ਇੱਕ-ਤਰਫ਼ਾ ਵਿਅਕਤੀ ਗ਼ਲਤ ਗੱਲ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਰੱਦ ਕਰ ਦਿੰਦਾ ਹੈ ਜਦ ਕਿ ਸਭ ਪਾਸੇ ਵਾਲਾ ਆਪਣੀ ਇੱਕ-ਤਰਫ਼ੀ ਬੌਧਿਕਤਾ ਨਾਲ ਦੋ-ਟੁੱਕ ਨਿਰਣਾ ਲੈਣ ਦੀ ਥਾਂ ‘ਸੱਚੀ ਭੂਆ ਵੀ ਹੈ, ਝੂਠ ਫੁੱਫੜ ਵੀ ਨੀਂ ਬੋਲਦਾ' ਵਾਂਗ ਫ਼ੈਸਲੇ ਲੈ ਬਹਿੰਦਾ ਹੈ।

ਗੁਣਾਤਮਕ ਆਧਾਰ (Qualitative Basis)

ਪੀਟਰ ਰੋਹਡੇ (Peter Rohde) ਦਾ ਵਿਚਾਰ ਹੈ ਕਿ ਸੁਤੰਤਰਤਾ ਨੂੰ ਰੱਦ ਕਰਕੇ ਅਸੀਂ ਗੁਣਾਤਮਕਤਾ ਨੂੰ ਮੁੱਢੋਂ ਤਿਆਗ ਦਿੱਤਾ ਹੈ। ਸਾਡੇ ਵਿਗਿਆਨਕ ਕਾਰਨਵਾਦੀ ਕਥਨਾਂ ਨੇ ਨਾ ਕੇਵਲ ਧਰਮ ਨੂੰ ਸਗੋਂ ਨੈਤਿਕਤਾ ਨੂੰ ਵੀ ਖਾਰਜ ਕਰ ਦਿੱਤਾ ਹੈ। ਹੁਣ ਇਨ੍ਹਾਂ ਦਾ ਕੋਈ ਮਹੱਤਵ ਨਹੀਂ ਰਿਹਾ। ਬੀਤੀਆਂ (ਦੋ) ਸਦੀਆਂ ਵਿੱਚ ਸਾਨੂੰ ਬਹੁਤ ਕਿਸਮ ਦੀਆਂ ਆਜ਼ਾਦੀਆਂ ਪ੍ਰਾਪਤ ਹੋਈਆਂ ਹਨਰਾਜਨੀਤਕ ਸੁਤੰਤਰਤਾ, ਕਿਰਤ ਦੀ ਸੁਤੰਤਰਤਾ, ਆਰਥਿਕ ਸੁਤੰਤਰਤਾ, ਕਾਮੁਕ ਸੁਤੰਤਰਤਾ, ਪ੍ਰਗਟਾਵੇ ਦੀ ਸੁਤੰਤਰਤਾ ਪਰ ਅੰਤਰੀਵੀ ਸੁਤੰਤਰਤਾ ਦੀ ਚੇਤਨਾ (Consciousness of inner freedom) ਗੁਆਚ ਗਈ ਹੈ। ਇੱਕ ਸੁਤੰਤਰਤਾ ਨੂੰ ਦੂਜੀ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਸੁਤੰਤਰਤਾ ਨੂੰ ਇੱਕ ਭਰਮ-ਭੁਲਾਵਾ ਕਹਿਕੇ ਜੀਵਨ ਅਤੇ ਮਨੁੱਖ ਜਾਤੀ ਸੰਬੰਧੀ ਉਚਿਤ ਦ੍ਰਿਸ਼ਟੀਕੋਣ ਨਹੀਂ ਬਣਾਇਆ ਜਾ ਸਕਦਾ। ਫਿਰ ਵੀ ਉਸੇ ਸਮੇਂ ਲੋਕਾਂ ਤੋਂ ਇਹ ਆਸ ਕਰਨੀ ਤੁਸੀਂ ਸੁਤੰਤਰ ਵਿਅਕਤੀ ਹੋ ਅਤੇ ਆਪਣੇ ਅਮਲਾਂ ਲਈ ਜ਼ਿੰਮੇਵਾਰ ਹੋ, ਸਹੀ ਨਹੀਂ ਜਾਪਦਾ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 33