ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਬੰਦੇ ਦਾ ਆਪਣੇ ‘ਸਵੈ' ਨਾਲ ਸੰਬੰਧ ਹੁੰਦਾ ਹੈ। ਉਹ ਆਪਣੇ ਸਵੈ ਦਾ ਗੁਲਾਮ ਵੀ ਹੋ ਸਕਦਾ ਹੈ। ਇਸ ਦਾ ਮਾਲਕ ਵੀ। ਤੀਜੇ ਇਹ ਕਿ ਬੰਦੇ ਦੀਆਂ ਦੋ ਸੰਭਾਵਨਾਵਾਂ ਹੁੰਦੀਆਂ ਹਨ। ਉਹ ਆਪੇ ਨਾਲ ਇਕਸੁਰ ਵੀ ਹੋ ਸਕਦਾ ਹੈ, ਆਪੇ ਤੋਂ ਬੇਮੁੱਖ ਵੀ ਹੋ ਸਕਦਾ ਹੈ। ਮਾੜੇ ਕੰਮਾਂ ਵਿੱਚ ਪੈਣ ਨਾਲ ਉਹ ਮ੍ਰਿਤਕ ਸਰੀਰ ਸਮਾਨ ਹੋ ਜਾਂਦਾ ਹੈ।

ਸੰਸਾਰ ਬਨਾਮ ਸਰੋਕਾਰ (World vs Concern)

ਸੰਸਾਰ ਨਾਲ ਅਸਤਿਤਵੀ ਸਰੋਕਾਰਾਂ ਬਾਰੇ ਚਿੰਤਨ ਕਰਦਿਆਂ ਹਾਈਡਿਗਰ ਹੱਦਾਂ ਦੇ ਪ੍ਰਯੋਗਾਤਮਕ ਲੱਛਣਾਂ ਦੀ ਗੱਲ ਕਰਦਾ ਹੈ। ਸੰਸਾਰ ਵਿੱਚ ਜੋ ਕੁੱਝ ਮੇਰੀ ਵਰਤੋਂ ਲਈ ਹੈ ਉਹ ਮੇਰੇ ਲਈ ਇਕ ਸੰਦ ਹੈ। ਇਹ ਗੱਲ ਮੇਰੀ ਲਿਖਣ ਸਮੱਗਰੀ, ਬਾਗਾਂ, ਵਾਹਨਾਂ ਆਦਿ ਸਭ ਨਾਲ ਸੰਬੰਧਤ ਹੈ। ਹਾਈਡਿਗਰ ਸੰਸਾਰ ਨੂੰ ਸੰਦਾਂ ਦੀ ਵਿਵਸਥਾ (World as an instrumental System) ਵਜੋਂ ਸਮਝਦਾ ਹੈ। ਜਦੋਂ ਕਿਸੇ ਵਰਤੀ ਜਾਣ ਵਾਲੀ ਵਸਤੂ 'ਚ ਵਿਘਨ ਪੈਂਦਾ ਹੈ ਤਾਂ ਉਸ ਵਸਤੂ ਦੀ ਵਿਵਸਥਾ ਵਿੱਚ ਸਥਾਨ ਦੀ ਯਾਦ ਆਉਂਦੀ ਹੈ ਜਿਵੇਂ ਪੈੱਨ ਦੀ ਸ਼ਿਆਹੀ ਮੁੱਕਣ ’ਤੇ, ਟੈਲੀਫੋਨ ਦੇ ਡੈੱਡ ਹੋਣ ’ਤੇ ਜਾਂ ਬਿਜਲੀ ਦੇ ਭੱਜਣ ’ਤੇ। ਇਸ ਪ੍ਰਕਾਰ ਹਾਈਡਿਗਰ ਸੰਸਾਰ ਨੂੰ ਸੰਦਾਂ ਦੇ ਸਿਸਟਮ ਵਜੋਂ ਚਿਤਵਦਾ ਹੈ। ਇਵੇਂ ਇੱਕ ਸਥਾਨ ਕੇਵਲ ਲੋਕੇਸ਼ਨ ਨਹੀਂ ਹੁੰਦੀ। ਇਸਦਾ ਵੀ ਅਸਤਿਤਵੀ ਸਰੋਕਾਰ ਹੈ। ਬੰਦੇ ਦਾ ਦੂਰੀ ਨਾਲ ਵੀ ਸਰੋਕਾਰ ਹੈ। ਟੈਲੀਫੋਨ ਕਰ ਰਿਹਾ ਬੰਦਾ ਕਿੰਨੀ ਵੀ ਦੁਰੀ (Distance) 'ਤੇ ਹੋ ਸਕਦਾ ਹੈ। ਬੰਦੇ ਦੇ ਸਰੋਕਾਰ ਨਾਲ ਦੁਰੀ ਅਤੇ ਸਥਾਨ ਨੇੜੇ ਹੋ ਜਾਂਦੇ ਹਨ। ਇਸੇ ਪ੍ਰਕਾਰ ਬੰਦੇ ਦਾ ਸਮੇਂ ਨਾਲ ਵੀ ਸਰੋਕਾਰ ਹੈ। ਜਾਗਣ, ਸੌਣ, ਸੈਰ ਕਰਨ ਆਦਿ ਲਈ ਸਮਾਂ ਨਿਰਧਾਰਿਤ ਹੈ। ਹਰ ਹੁਣ ਦਾ ਸਾਡੇ ਜੀਵਨ ਨਾਲ ਸਰੋਕਾਰ ਹੈ।

ਸਮਝ (Understanding)

ਵਿਗਿਆਨ ਦੀ ਦ੍ਰਿਸ਼ਟੀ ਅਨੁਸਾਰ ਸਮਝ ਇਕ ਬੌਧਿਕ ਕਾਰਜ ਹੈ। ਇਸ ਅਤੀ-ਅਧਿਕ ਬੌਧਕੀਕਰਨ ਦਾ ਅਸਤਿਤਵਵਾਦੀ ਵਿਰੋਧ ਕਰਦੇ ਹਨ। ਹਾਈਡਿਗਰ ਅਨੁਸਾਰ ਸਮਝ ਬੰਦੇ (Being-in-The-World) ਦੀ ਸਾਰੀ ਸਰੀਰਕ ਰਚਨਾ ਨੂੰ ਛੂੰਹਦੀ ਹੈ। ਇਸਦਾ ਭਾਵ ਹੈ ਕਿ ਇਹ ਸ਼ੁੱਧ ਸਿੱਧਾਂਤਕ ਨਹੀਂ ਹੁੰਦੀ, ਸਗੋਂ ਇਹ ਤਾਂ ਬੰਦੇ ਦੇ ਜੀਵਨ ਨਾਲ ਰੋਜ਼ਾਨਾ ਸਰੋਕਾਰ (Concern) ਰੱਖਦੀ ਹੈ। ਸਾਨੂੰ ਪਤਾ ਹੈ ਕਿ ਸਮਝ ਕੇਵਲ ਸਿੱਧਾਂਤਕ ਸਮਝ ਹੀ ਨਹੀਂ ਹੁੰਦੀ। ਫ਼ਰਜ਼ ਕਰੋ ਕਿਸੇ ਬੰਦੇ ਨੂੰ ਇੰਜਨ ਦੇ ਅੰਤਰੀਵੀ ਬਾਲਣ ਪ੍ਰਕਿਰਿਆ ਦੀ ਸਮਝ ਹੈ ਅਤੇ ਬਲ ਦੇ ਸੰਚਾਲਨ ਦਾ ਵੀ ਸਿੱਧਾਂਤਕ ਗਿਆਨ ਹੈ, ਪਰ ਕੇਵਲ ਇਸ ਸਿਧਾਂਤਕ ਸਮਝ ਨਾਲ ਹੀ ਉਹ ਕਾਰ ਨਹੀਂ ਚਲਾ ਸਕਦਾ। ਇਸ ਕਾਰਜ ਲਈ ਅਭਿਆਸ ਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 69