ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣ ਸਕਣ ਲਈ ਊਰਜਾ ਹੈ। ਸੰਭਾਵਨਾਵਾਂ, ਅਨੇਕ, ਉਸਦੇ ਸਨਮੁੱਖ ਹਨ। ਇਨ੍ਹਾਂ ਵਿੱਚੋਂ ਚੋਣ ਕਰਕੇ ਆਪਣੀ ਸੰਭਾਵਨਾ ਸਾਕਾਰ ਕਰਨੀ ਹੈ। ਚੋਣ ਵੀ ਕਈ ਵਾਰ ਬਦਲਦੀ ਰਹਿੰਦੀ ਹੈ। ਕੋਈ ਚੋਣ ਅੰਤਿਮ ਨਹੀਂ ਹੁੰਦੀ। ਇਸਦੀ ਪ੍ਰਕ੍ਰਿਤੀ ਵੀ ਅਨਿਸ਼ਚਤ ਹੈ। ਬੰਦਾ ਸੰਸਾਰ ਵਿੱਚ ਹੋਰਨਾਂ ਵਿੱਚ ਘਿਰਿਆ ਹੋਇਆ ਹੈ। ਇਹੋ ਉਸਦਾ ਸੰਸਾਰ ਵਿੱਚ ਹੋਣਾ (Being-in-The World) ਹੈ। ਇਹ ਹੋਂਦ ਅਕਾਰਨ ਨਹੀਂ। ਸੰਸਾਰ ਵਿੱਚ ਬੰਦੇ ਦੇ ਕੰਮ, ਪੂਰਵ-ਧਾਰਨਾਵਾਂ, ਉਸਦੇ ਸਰੋਕਾਰ, ਉਸਦੀਆਂ ਚਿੰਤਾਵਾਂ ਉਸਦੀ ਹੋਂਦ ਵਿਧੀ ਦਾ ਅੰਗ ਹੁੰਦੀਆਂ ਹਨ। ਉਂਜ ਡਾਸੇਨ ਦੇ ਸ਼ਾਬਦਿਕ ਅਰਥ Being There ਕੀਤੇ ਜਾਂਦੇ ਹਨ। ਇਸ ਦਾ ਭਾਵ ਇਹ ਵੀ ਹੈ ਕਿ ਬੰਦਾ ਸਬਜੈਕਟ ਅਤੇ ਆਬਜੈਕਟ ਸੰਬੰਧਾਂ ਤੋਂ ਪਾਰ ਹੁੰਦਾ ਹੈ। ਮਨੁੱਖੀ ਹੋਂਦ ਹਮੇਸ਼ਾ 'ਮੇਰੀ', ਵਿਅਕਤੀਗਤ, ਵਿਲੱਖਣ, ਨਿਜੀ ਹੁੰਦੀ ਹੈ। ਇਹ ਸ਼੍ਰੇਣੀ ਵੰਡ ਕਰਨ ਵਾਲੀ ਵਸਤੂ ਨਹੀਂ ਹੈ।

ਬੰਦਾ ਬਨਾਮ ਸੰਸਾਰ (Man vs World)

ਜੀਵ ਵਿਗਿਆਨ, ਮਨੋਵਿਗਿਆਨ ਅਤੇ ਸਿੱਖਿਆ ਸ਼ਾਸਤਰੀ ਸਾਰੇ ਹੀ ਬੰਦੇ ਦੇ ਵਾਤਾਵਰਨ ਨਾਲ ਸੰਬੰਧਾਂ ਨੂੰ ਭਲੀ ਭਾਂਤ ਸਮਝਦੇ ਹਨ ਪਰ ਉਨ੍ਹਾਂ ਦੀ ਇਨ੍ਹਾਂ ਸੰਬੰਧਾਂ ਵਿੱਚ ਰੁਚੀ ਕੁਦਰਤੀ ਤੌਰ ਤੇ ਭੌਤਿਕ ਵਿਵਸਥਾ (Ontical) ਦੇ ਸੰਬੰਧਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਮਾਰਟਿਨ ਹਾਈਡਿਗਰ ਇਸ ਸਮੱਸਿਆ ਵਿੱਚ ਪਰਾਭੌਤਿਕ ਅਤੇ ਦਾਰਸ਼ਨਿਕ (Ontologically) ਦ੍ਰਿਸ਼ਟੀ ਅਨੁਸਾਰ ਰੁਚੀ ਰੱਖਦਾ ਹੈ। Ontology ਇਕ ਅਜਿਹੀ ਦ੍ਰਿਸ਼ਟੀ ਹੈ ਜੋ ਅਸਤਿਤਵ (ਹੋਂਦ) ਦਾ ਅਧਿਐਨ ਕਰਦੀ ਹੈ। ਬੰਦੇ ਦੀ ਸੰਸਾਰ ਵਿੱਚ ਹੋਂਦ ਲਈ 'Being-in-The World’ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਹਾਈਡਿਗਰ ਦੀ ਬੰਦੇ ਵਿੱਚ ਰੁਚੀ ਉਸਦੀ ‘ਸੰਸਾਰ ਵਿੱਚ ਹੋਂਦ’ ਪਰਾਭੌਤਿਕ ਅਰਥਾਤ ਅਸਤਿਤਵ (Ontological) ਕਾਰਨ ਹੈ। ਸੰਸਾਰ ਵਿੱਚ ਹੋਂਦ ਦਾ ਭਾਵ ਇਹ ਨਹੀਂ ਕਿ ਬੰਦਾ ਚਟਾਨ ਵਾਂਗ ਧਰਤੀ ਉੱਤੇ ਟਿਕਿਆ ਹੋਇਆ ਹੈ ਸਗੋਂ ਇਸਦਾ ਭਾਵ ਉਸਦੇ ਅਸਤਿਤਵ ਤੋਂ ਹੈ। ਨੋਟ ਕਰਨ ਯੋਗ ਨੁਕਤਾ ਇਹ ਹੈ ਕਿ ਬੰਦਾ ਸੰਸਾਰ ਵਿੱਚ ਤਾਂ ਹੈ ਪਰ ਉਹ ਸੰਸਾਰ ਦਾ ਨਹੀਂ ਹੈ। ਬੰਦਾ ਆਪਣੀ ਸੰਸਾਰਿਕ ਹੋਂਦ ਗੁਆ ਵੀ ਸਕਦਾ ਹੈ, ਇਸ ’ਤੇ ਕਾਬੂ ਵੀ ਪਾ ਸਕਦਾ ਹੈ। ਸੰਸਾਰ ਵਿੱਚ ਉਸਦੀ ਸੁਤੰਤਰਤਾ ਉਸਦਾ ਪ੍ਰਮਾਣਿਕ ਅਸਤਿਤਵ (Authentic Existence) ਹੈ ਜਦੋਂ ਕਿ ਗੁਲਾਮੀ ਉਸਦੀ ਅਪਮਾਣਿਕ ਹੋਂਦ (inauthentic Existence) ਹੁੰਦੀ ਹੈ। ਉਹ ਆਪੇ ਨੂੰ ਪ੍ਰਾਪਤ ਵੀ ਕਰ ਸਕਦਾ ਹੈ, ਗੁਆ ਵੀ ਸਕਦਾ ਹੈ। ਇਹ ਤਾਂ ਠੀਕ ਹੈ ਕਿ ਬੰਦਾ ਦੇਹਧਾਰੀ (Somatic) ਹੁੰਦਾ ਹੈ ਪਰ ਉਹ ਹੱਡੀਆਂ, ਪੱਠਿਆਂ ਅਤੇ ਤੰਤੂਆਂ ਬਾਰੇ ਨਹੀਂ ਸੋਚਦਾ, ਉਹ ਤਾਂ ਸੰਸਾਰ ਵਿੱਚ ਆਪਣੀ ਹੋਂਦ ਬਾਰੇ ਸੋਚਦਾ ਹੈ। ਦੂਜੇ ਇਹ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 68