ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇੱਥੇ ਭੌਤਿਕ ਵਿਵਸਥਾ ਦੀ (Ontical) ਗੱਲ ਨਹੀਂ ਕਰ ਰਿਹਾ ਪਰਾਭੌਤਿਕ (Ontological) ਦ੍ਰਿਸ਼ਟੀ ਤੋਂ ਵਿਚਾਰ ਪੇਸ਼ ਕਰ ਰਿਹਾ ਹੈ। ਇਹ ਤਾਂ ਕੇਵਲ ਡਿੱਗਣ ਦੀ ਸੰਭਾਵਨਾ ਹੈ।

ਫ਼ਿਕਰ (CARE)

ਫ਼ਿਕਰ ਸੰਬੰਧੀ ਵੀ ਹਾਈਡਿਗਰ ਪਰਾਭੌਤਿਕ (Ontological) ਦ੍ਰਿਸ਼ਟੀ ਤੋਂ ਹੀ ਗੱਲ ਕਰਦਾ ਹੈ, ਭੌਤਿਕ ਵਿਵਸਥਾ (Ontical) ਦੀ ਦ੍ਰਿਸ਼ਟੀ ਤੋਂ ਨਹੀਂ। ਸੰਭਾਵਨਾ ਵਿੱਚ ਤਾਂ ਬੰਦਾ ਹਮੇਸ਼ਾ ਅੱਗੇ ਦੀ ਸੋਚਦਾ ਹੈ, ਫਿਰ ਵੀ ਅਪੂਰਨ ਰਹਿੰਦਾ ਹੈ। ਉਸਦੀ ਸੰਭਾਵਨਾ ਹਮੇਸ਼ਾ ਉਸਦੀ ਫੈਕਟੀਸਿਟੀ ਨਾਲ ਬਣੀ ਰਹਿੰਦੀ ਹੈ, ਕਿਉਂਕਿ ਉਸਨੂੰ ਇਕ ਪਰਿਸਥਿਤੀ ਵਿੱਚ ਸੁੱਟਿਆ ਗਿਆ ਹੈ। ਉਸਨੂੰ ਸੁੱਟਿਆ ਨਹੀਂ ਜਾਂਦਾ ਸਗੋਂ ਉਹ ਆਪਣੀ ਫੈਕਟੀਸਿਟੀ ਵਿੱਚ ਕਈ ਵਾਰ ਆਪ ਵੀ ਡਿੱਗੇ ਰਹਿਣਾ ਚਾਹੁੰਦਾ ਹੈ। ਹਾਈਡਿਗਰ ਦਾ ਮੱਤ ਹੈ ਕਿ ਫ਼ਿਕਰ ਬੰਦੇ ਦੀ ਸਰੀਰਕ ਬਣਤਰ ਨਾਲ ਉਵੇਂ ਹੈ ਜਿਵੇਂ ਉਸਦੀ ਆਤਮਾ। ਫ਼ਿਕਰ (CARE) ਦੇ ਤਿੰਨ ਤੱਤ ਹਨ: 1. ਨਿਜੀ ਹੋਂਦ ਸਵੈ ਪ੍ਰਗਟਾਵੇ ਵਾਲੀ ਹੈ। ਇਹ ਬੰਦੇ ਦਾ ਭਵਿੱਖ ਹੈ। ਇਹ ਆਪਣੇ ਆਪ ਨਾਲੋਂ ਅੱਗੇ ਹੈ। 2. ਕੇਅਰ ਅਨੁਸਾਰ ਬੰਦਾ ਨਿਜੀ ਜੀਵਨ ਜਿਉਂਦਾ ਹੈ। 3. ਕੇਅਰ ਹੋਂਦ ਦੇ ਮੂਡ ਦੀ ਬਣਤਰ ਹੈ।

ਮੌਤ (Death)

ਮੌਤ ਪ੍ਰਮਾਣਿਕ ਅਸਤਿਤਵ ਦਾ ਪਤਾ ਦਿੰਦੀ ਹੈ। ਜਿਹੜੀ ਹੋਂਦ ਨੂੰ ਸਥਿਰ ਕਰਦੀ ਹੈ। ਇਹ ਆਖ਼ਰੀ ਅਤੇ ਸਰਬਵਿਆਪਕ ਹੈ। ਮੌਤ ਨਾਲ਼ 'ਮੇਰੀਆਂ' ਸਾਰੀਆਂ ਸੰਭਾਵਨਾਵਾਂ ਨਸ਼ਟ ਹੋ ਜਾਣੀਆਂ ਹਨ। ਕੁਦਰਤੀ ਮੌਤ ਤਾਂ ਸਰੀਰ ਵਿਗਿਆਨੀਆਂ ਲਈ ਵੀ ਰਹੱਸ ਹੈ। ਜੀਵ ਵਿਗਿਆਨੀ ਵੀ ਕਿਸੇ ਸਪਸ਼ਟ ਨਤੀਜੇ ਤੇ ਨਹੀਂ ਪੁੱਜ ਸਕੇ ਕਿ ਪ੍ਰਾਣੀ ਬੁੱਢੇ ਕਿਵੇਂ ਹੋ ਜਾਂਦੇ ਹਨ ਅਤੇ ਅਖੀਰ ਮਰ ਜਾਂਦੇ ਹਨ। ਹੱਥਲੇ ਅਧਿਐਨ ਵਿੱਚ ਸਾਡਾ ਸਰੋਕਾਰ ਕੁਦਰਤੀ ਮੌਤ ਨਾਲ ਨਹੀਂ ਪਰ ਮੌਤ ਦੇ ਅਸਤਿਤਵੀ ਵਰਤਾਰੇ ਨਾਲ ਹੈ। ਹਾਈਡਿਗਰ ਇਸ ਬੰਨੇ ਸਾਡਾ ਧਿਆਨ ਆਕਰਸ਼ਿਤ ਕਰਦਾ ਹੈ। ਕੁਦਰਤੀ ਮੌਤ ਬਾਰੇ ਖੋਜ ਕਰਨਾ ਵਿਗਿਆਨ ਦਾ ਕੰਮ ਹੈ। ਮੌਤ ਦੇ ਅਸਤਿਤਵੀ ਵਰਤਾਰੇ ਬਾਰੇ ਘਟਨਾ ਕਿਰਿਆ ਵਿਗਿਆਨ (Phenomenological Method) ਰਾਹੀਂ ਜਾਣਿਆ ਜਾਂਦਾ ਹੈ। ਮੌਤ ਦਾ ਭਾਵ ਬੰਦੇ (Being) ਦੀ ਹੋਂਦ ਅਤੇ ਉਸਦੀਆਂ ਸੰਭਾਵਨਾਵਾਂ ਦਾ ਖ਼ਾਤਮਾ ਹੈ। ਦੂਜੇ ਦੀ ਮੌਤ ਨੂੰ ਪਿੱਛੇ ਰਹਿ ਗਏ ਬਰਦਾਸ਼ਤ ਕਰਦੇ ਹਨ। ਮਰਨ ਵਾਲਾ ਕੁੱਝ ਨਹੀਂ ਦੱਸ ਸਕਦਾ। ਹਰ ਬੰਦਾ ਆਪਣੀ ਮੌਤ ਆਪ ਮਰਦਾ ਹੈ। ਇਹ ਕਿਸੇ ਨਾਲ ਬਦਲੀ ਨਹੀਂ ਜਾ ਸਕਦੀ। ਦਰਅਸਲ ਮੌਤ ਹੋਂਦ ਦੀ ਸੰਭਾਵਨਾ ਵਿੱਚ ਪਹਿਲੋਂ ਹੀ ਸ਼ਾਮਲ ਹੁੰਦੀ ਹੈ। ਇਹ ਬੰਦੇ ਦੀ ਫੈਕਟੀਸਿਟੀ ਨਾਲ ਸੰਬੰਧਤ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 73