ਪੰਨਾ:ਅੱਖਰਾਂ ਦੀ ਸੱਥ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਸ ਨੇ ਮੈਨੂੰ ਬਾਂਗ ਦੇਣ ਵਾਸਤੇ ਕਾਬੂ ਕੀਤਾ ਹੈ। ਮੈਂ ਬਾਂਗ ਨਹੀਂ ਦੇਵਾਂਗਾ। ਦੋ ਚਾਰ ਦਿਨ ਉਡੀਕ ਕੇ ਇਹ ਮੈਨੂੰ ਛੱਡ ਦੇਵੇਗਾ। ਬਿਨਾਂ ਗਰਜ਼ ਦੇ ਕੌਣ ਕਿਸੇ ਦੀ ਸੰਭਾਲ ਕਰਦਾ ਹੈ।" ਕਿੱਟੂ ਨੂੰ ਆਪਣੇ ਪਿਉ ਦੀ ਆਖੀ ਗੱਲ ਯਾਦ ਆ ਗਈ।

ਕਿੱਟੂ ਕੁੱਕੜ ਨੇ ਜੋ ਸੋਚਿਆ ਸੀ, ਹੋਇਆ ਉਸਦੇ ਉਲਟ। ਕਿੱਟੂ ਨੂੰ ਕਾਬੂ ਕਰਨ ਵਾਲਾ ਕੋਈ ਕਿਸਾਨ ਨਹੀਂ ਸੀ। ਉਸਨੇ ਕਿੱਟੂ ਨੂੰ ਬਾਂਗ ਦੇਣ ਲਈ ਨਹੀਂ ਫੜ੍ਹਿਆ ਸੀ।

ਉਸ ਆਦਮੀ ਨੇ ਕਿੱਟੂ ਨੂੰ ਫੜ੍ਹਨ ਤੋਂ ਬਾਅਦ ਇਕ ਤੰਗ ਜਿਹੇ ਖੁੱਡੇ ਵਿਚ ਡੱਕ ਦਿੱਤਾ ਸੀ। ਇਸ ਖੁੱਡੇ ਵਿਚ ਕਿੱਟੂ ਵਰਗੇ ਹੋਰ ਵੀ ਕਈ ਕੁੱਕੜ ਡੱਕੇ ਹੋਏ ਸਨ। ਖੁੱਡੇ ਵਿਚਲੇ ਸਾਰੇ ਕੁੱਕੜ ਪਿੰਡਾਂ ਵਿੱਚੋਂ ਬਾਗੀ ਹੋਕੇ ਸ਼ਹਿਰ ਆਏ ਸਨ ਤੇ ਬਜ਼ਾਰ ਵਿਚ ਅਵਾਰਾ ਫਿਰਦੇ ਕਾਬੂ ਆ ਗਏ ਸਨ।

"ਇਹ ਆਦਮੀ ਆਪਣੀ ਕੁਝ ਦਿਨ ਸੇਵਾ ਕਰੇਗਾ ਤੇ ਫਿਰ ਬਜ਼ਾਰ ਵਿਚ ਕਿਸੇ ਝਟਕਈ ਨਾਲ ਆਪਣਾ ਸੌਦਾ ਕਰੇਗਾ। ਖੁੱਡੇ ਵਿਚਲੇ ਇਕ ਕੁੱਕੜ ਨੇ ਕਿੱਟੂ ਨੂੰ ਦੱਸਿਆ। ਹੁਣ ਕਿੱਟੂ ਦੇ ਰੌਂਗਟੇ ਖੜ੍ਹੇ ਹੋ ਗਏ। ਉਸਨੂੰ ਸਾਹਮਣੇ ਮੌਤ ਵਿਖਾਈ ਦੇਣ ਲੱਗੀ।"

ਕਿੱਟੂ ਨੂੰ ਹੁਣ ਸਮਝ ਲੱਗ ਗਈ ਸੀ ਕਿ ਸ਼ਹਿਰ ਆਕੇ ਉਸਨੇ ਗਲਤੀ ਕੀਤੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਖੁੱਡੇ ਵਿੱਚੋਂ ਨਿਕਲਣ ਬਾਰੇ ਸੋਚਣ ਲੱਗਾ।

ਖੁੱਡਾ ਭਾਵੇਂ ਤੰਗ ਸੀ, ਪਰ ਇਸ ਦੇ ਚਾਰ-ਚੁਫੇਰੇ ਜ਼ਾਲੀ ਲੱਗੀ ਹੋਈ ਸੀ। ਕਿੱਟੂ ਨੇ ਜ਼ਾਲੀ ਥਾਣੀ ਬਾਹਰ ਵੇਖਿਆ। ਇਕ ਕਬੂਤਰ ਦਾਣਾ ਚੁਗ ਰਿਹਾ ਸੀ। ਕਿੱਟੂ ਨੇ ਕਬੂਤਰ ਹੱਥ ਪਿੰਡ ਆਪਣੇ ਪਿਉ ਨੂੰ ਸੁਨੇਹਾ ਭੇਜਿਆ।

ਕਬੂਤਰ ਨੇ ਕਿੱਟੂ ਦੇ ਮਾਂ-ਪਿਉ ਨੂੰ ਕਿੱਟੂ ਦੇ ਸ਼ਹਿਰ ਇਕ ਖੁੱਡੇ ਵਿਚ ਬੰਦ ਹੋਣ ਦੀ ਸੂਚਨਾ ਦੇ ਦਿੱਤੀ ਸੀ। ਕਿੱਟੂ ਦਾ ਪਿਊ ਬੇਹਦ ਸਮਝਦਾਰ ਸੀ। ਕਿੱਟੂ ਦਾ ਪਿਉ ਜਾਣਦਾ ਸੀ ਕਿ ਕਿੱਟੂ ਦੇ ਝਟਕਈ ਕੋਲ ਜਾਣ ਤੋਂ ਬਾਅਦ ਕੁਝ ਵੀ ਹੱਥ ਨਹੀਂ ਆਉਣਾ। ਉਸਨੇ ਉਸੇ ਵਕਤ ਕਿੱਟੂ ਨੂੰ ਖੁੱਡੇ ਵਿੱਚੋਂ ਕੱਢਣ ਦਾ ਢੰਗ ਸੋਚ ਲਿਆ।

ਇਕ ਚੱਕੀਰਾਹਾ, ਕਿੱਟੂ ਦੇ ਪਿਉ ਦਾ ਮਿੱਤਰ ਸੀ। ਕਿੱਟੂ ਦੇ ਪਿਉ ਨੇ ਆਪਣੇ ਮਿੱਤਰ ਚੱਕੀਰਾਹੇ ਨੂੰ ਮਦਦ ਕਰਨ ਲਈ ਤੇ ਕਿੱਟੂ ਨੂੰ ਖੁੱਡੇ ਵਿੱਚੋਂ ਕੱਢਣ ਲਈ ਆਖਿਆ। ਚੱਕੀਰਾਹਾ ਉਸੇ ਵੇਲੇ ਕਿੱਟੂ ਦੇ ਪਿਉ ਨਾਲ ਸ਼ਹਿਰ ਨੂੰ ਤੁਰ ਪਿਆ।

ਸ਼ਹਿਰ ਜਾ ਕੇ ਚੱਕੀਰਾਹੇ ਨੇ ਆਪਣੀ ਲੰਬੀ ਤੇ ਤਿੱਖੀ ਚੁੰਝ ਨਾਲ ਖੁੱਡੇ ਦੀ ਜਾਲੀ ਦੇ ਕਿੱਲ ਇਕ ਪਾਸਿਓ ਕੱਢ ਦਿੱਤੇ ਤੇ ਕਿੱਟੂ ਖੁੱਡੇ 'ਚੋਂ ਬਾਹਰ ਨਿਕਲ ਆਇਆ।

ਹੁਣ ਕਿੱਟੂ ਨੇ ਆਪਣੇ ਪਿਉ ਤੋਂ ਮਾਫੀ ਮੰਗੀ। ਕਿੱਟੂ ਆਪਣੇ ਪਿਉ ਨਾਲ ਜ਼ਿਦ ਨਾ ਕਰਨ ਦਾ ਵਾਅਦਾ ਕਰਕੇ ਵਾਪਸ ਪਿੰਡ ਨੂੰ ਤੁਰ ਪਿਆ ਸੀ।

41/ਅੱਖਰਾਂ ਦੀ ਸੱਥ