ਅੱਧੀ ਛੁੱਟੀ ਬੰਦ ਹੋ ਗਈ ਸੀ। ਬਾਹਰ ਗਏ ਸਾਰੇ ਬੱਚੇ ਵਾਪਸ ਆ ਗਏ ਸਨ। ਬਾਹਰ ਗਏ ਬੱਚੇ ਖਰੀਦ ਕੇ ਲਿਆਂਦੀ ਚੀਜ਼ ਵਿੱਚੋਂ ਸੰਦੀਪ ਨੂੰ ਹਿੱਸਾ ਦੇਕੇ ਆਪੋ-ਆਪਣੀਆਂ ਜਮਾਤਾਂ ਵਿਚ ਜਾ ਬੈਠੇ ਸਨ। ਪਰ ਅਮਿਤ ਤੇ ਸੁਰਜੀਤ ਵਾਪਸ ਨਾ ਆਏ।
ਸੰਦੀਪ, ਅਮਿਤ ਤੇ ਸੁਰਜੀਤ ਦੀ ਉਡੀਕ ਕਰਨ ਲੱਗਾ। ਸੰਦੀਪ ਕਿੰਨੀ ਦੇਰ ਹੋਰ ਅਮਿਤ ਤੇ ਸੁਰਜੀਤ ਦੀ ਉਡੀਕ ਕਰਦਾ ਰਿਹਾ। ਉਹ ਦੋਵੇਂ ਜਣੇ ਨਾ ਹੀ ਮੁੜੇ। ਹੁਣ ਸੰਦੀਪ ਚਿੰਤਾ ਵਿਚ ਡੁੱਬ ਗਿਆ। ਹੁਣ ਉਸਨੂੰ ਆਪਣੇ ਅਧਿਆਪਕਾਂ ਨੂੰ ਜਵਾਬ ਦੇਣਾ ਪੈਣਾ ਸੀ। ਉਸਦੀ ਬੇਈਮਾਨੀ ਫੜੀ ਜਾਣੀ ਸੀ।
"ਜੇ ਅਮਿਤ ਤੇ ਸੁਰਜੀਤ ਕਿਧਰੇ ਹੋਰ ਚਲੇ ਗਏ ਤਾਂ......।" ਇਹ ਸੋਚ ਕੇ ਸੰਦੀਪ ਡਰ ਗਿਆ।
"ਸਰ! ਅਮਿਤ ਤੇ ਸੁਰਜੀਤ ਅੱਧੀ ਛੁੱਟੀ ਬਾਹਰ ਗਏ ਸਨ। ਉਹ ਅਜੇ ਤਕ ਵਾਪਸ ਨਹੀਂ ਆਏ।" ਸੰਦੀਪ ਨੇ ਡਰਦੇ-ਡਰਦੇ ਆਪਣੇ ਪੰਜਾਬੀ ਵਾਲੇ ਅਧਿਆਪਕ ਗੁਰਮੁਖ ਸਿੰਘ ਨੂੰ ਦੱਸਿਆ। ਸੰਦੀਪ ਜਾਣਦਾ ਸੀ ਕਿ ਗੁਰਮੁਖ ਸਿੰਘ ਕੁਝ ਨਰਮ ਸੁਭਾਅ ਦੇ ਹਨ। ਉਨ੍ਹਾਂ ਕੋਲੋਂ ਘੱਟ ਝਿੜਕਾਂ ਪੈਣਗੀਆਂ।
ਗੁਰਮੁਖ ਸਿੰਘ ਨਰਮ ਸੁਭਾਅ ਦੇ ਹੀ ਨਹੀਂ, ਬੇਹਦ ਸਿਆਣੇ ਵੀ ਸਨ। ਗੁਰਮੁਖ ਸਿੰਘ ਨੇ ਸੰਦੀਪ ਨੂੰ ਕੁਝ ਕਹਿਣ ਦੀ ਥਾਂ ਪਹਿਲਾਂ ਅਮਿਤ ਤੇ ਸੁਰਜੀਤ ਨੂੰ ਲੱਭਣ ਬਾਰੇ ਸੋਚਿਆ। ਉਸਨੇ ਸੰਦੀਪ ਨੂੰ ਵੀ ਨਾਲ ਲੈ ਲਿਆ।
ਸਕੂਲ ਤੋਂ ਥੋੜੀ ਦੂਰ ਸਕੂਲ ਦਾ ਹੀ ਖੇਡ ਮੈਦਾਨ ਸੀ। ਉਹ ਸਭ ਤੋਂ ਪਹਿਲਾਂ ਅਮਿਤ ਤੇ ਸੁਰਜੀਤ ਨੂੰ ਲੱਭਣ ਲਈ ਖੇਡ ਮੈਦਾਨ ਵੱਲ ਚਲੇ ਗਏ। ਅਮਿਤ ਤੇ ਸੁਰਜੀਤ ਖੇਡ ਮੈਦਾਨ ਵਿਚ ਹੀ ਇਕ ਨੁੱਕਰੇ ਬੈਠੇ ਸਨ।
"ਸਰ! ਅਮਿਤ ਤੇ ਸੁਰਜੀਤ ਓਹ ਬੈਠੇ ਹਨ।" ਸੰਦੀਪ ਨੇ ਗੁਰਮੁਖ ਸਿੰਘ ਨੂੰ ਦੱਸਿਆ। ਅਮਿਤ ਤੇ ਸੁਰਜੀਤ ਨੂੰ ਵੇਖਕੇ ਸੰਦੀਪ ਕੁਝ ਹੌਸਲੇ ਵਿਚ ਹੋ ਗਿਆ ਸੀ।
"ਹੁਣ ਮੇਰੀ ਥਾਂ ਅਮਿਤ ਤੇ ਸੁਰਜੀਤ ਨੂੰ ਝਿੜਕਾਂ ਪੈਣਗੀਆਂ।" ਸੰਦੀਪ ਨੇ ਸੋਚਿਆ ਸੀ। ਪਰ ਝਿੜਕਾਂ ਸੰਦੀਪ ਨੂੰ ਹੀ ਪਈਆਂ। ਅਮਿਤ ਅਤੇ ਸੁਰਜੀਤ ਨੂੰ ਤਾਂ ਸ਼ਾਬਾਸ਼ੀ ਮਿਲੀ।
"ਸਰ! ਜਿਸ ਦਿਨ ਵੀ ਸੰਦੀਪ ਦੀ ਗੇਟ ਉੱਪਰ ਖੜ੍ਹੇ ਹੋਣ ਦੀ ਵਾਰੀ ਆਉਂਦੀ ਸੀ, ਇਹ ਬੱਚਿਆਂ ਨੂੰ ਬਾਹਰ ਜਾਣੋਂ ਰੋਕਦਾ ਨਹੀਂ ਸੀ। ਬੱਚੇ ਸਕੂਲ ਦੇ ਬਾਹਰ ਵਾਲੀ ਦੁਕਾਨ ਤੋਂ ਚੀਜ਼ ਲੈਣ ਜਾਂਦੇ ਸਨ। ਬੱਚੇ ਬਾਹਰੋਂ ਟੌਫੀਆਂ ਤੇ ਬਬਲਗਮ ਵਰਗੀਆਂ ਉਹ ਚੀਜਾਂ ਲੈ ਕੇ ਆਉਂਦੇ ਸਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਅਧਿਆਪਕ ਰੋਕਦੇ ਸਨ। ਬੱਚੇ ਵਾਪਸ ਆਉਂਦੇ ਹੋਏ ਕੁਝ ਚੀਜ਼ ਸੰਦੀਪ ਨੂੰ ਦੇ ਦਿੰਦੇ ਸਨ ਤੇ ਜੀਭ ਦੇ ਸੁਆਦ ਕਾਰਨ ਸੰਦੀਪ, ਬੱਚਿਆਂ ਨੂੰ ਬਾਹਰ ਜਾਣੋਂ ਰੋਕਦਾ ਨਹੀਂ ਸੀ। ਸੰਦੀਪ ਹੋਰਨਾਂ ਬੱਚਿਆਂ ਦੇ ਨਾਲ- ਨਾਲ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਸੀ। ਅਸੀਂ ਸੰਦੀਪ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਕਈ ਵਾਰ ਕਿਹਾ ਵੀ ਸੀ, ਪਰ ਇਸ ਨੇ ਸਾਡੀ ਗੱਲ ਮੰਨੀ ਨਹੀਂ ਸੀ। ਅਸੀਂ ਸੰਦੀਪ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਅੱਜ ਬਾਹਰ ਗਏ ਸਾਂ। ਅਸੀਂ ਜਾਣਬੁਝ ਕੇ ਵਾਪਸ ਨਹੀਂ ਮੁੜੇ ਸਾਂ।" ਸੁਰਜੀਤ ਦੱਸ ਰਿਹਾ ਸੀ।
43/ਅੱਖਰਾਂ ਦੀ ਸੱਥ