"ਮੈਂ ਇਸ ਘੁੱਗੀ ਨੂੰ ਆਪਣੇ ਨਾਲ ਲੈਕੇ ਜਾਵਾਂਗਾ। ਮੈਂ ਇਸ ਨੂੰ ਆਪਣੇ ਘਰ ਰਖਾਂਗਾ।" ਭੋਲੂ ਨੇ ਘੁੱਗੀ ਦਾ ਸਿਰ ਪਲੋਸਦੇ ਹੋਏ ਆਖਿਆ। ਪਰ ਭੋਲੂ, ਘੁੱਗੀ ਨੂੰ ਆਪਣੇ ਨਾਲ ਸਕੂਲ ਨਹੀਂ ਲੈਕੇ ਜਾ ਸਕਦਾ ਸੀ। ਅਧਿਆਪਕਾਂ ਨੇ ਭੋਲੂ ਨੂੰ ਘੁੱਗੀ ਲੈ ਕੇ ਜਮਾਤ ਵਿਚ ਨਹੀਂ ਬਹਿਣ ਦੇਣਾ ਸੀ। ਇਸ ਕਰਕੇ ਭੋਲੂ ਨੇ ਉਥੇ ਹੀ ਇੱਟਾਂ ਜੋੜ ਕੇ ਇਕ ਆਲ਼ਾ ਜਿਹਾ ਬਣਾ ਲਿਆ। ਭੋਲੂ ਨੇ ਘੁੱਗੀ ਨੂੰ ਇਸ ਆਲ਼ੇ ਵਿਚ ਬਿਠਾ ਦਿੱਤਾ।
ਭੋਲੂ ਨੂੰ ਡਰ ਸੀ ਕਿ ਕੋਈ ਹੋਰ ਜਾਨਵਰ ਜਾਂ ਪੰਛੀ, ਘੁੱਗੀ ਨੂੰ ਮਾਰ ਨਾ ਦੇਵੇ ਜਾਂ ਫਿਰ ਕੋਈ ਹੋਰ ਬੱਚਾ ਇਸ ਪਿਆਰੀ ਜਿਹੀ ਘੁੱਗੀ ਨੂੰ ਆਪਣੇ ਘਰ ਨਾ ਲੈ ਜਾਵੇ। ਇਸ ਕਰਕੇ ਉਸਨੇ ਹੋਰ ਇੱਟਾਂ ਜੋੜ ਕੇ ਆਲੇ ਦਾ ਮੂੰਹ ਵੀ ਬੰਦ ਕਰ ਦਿੱਤਾ।
ਘੁੱਗੀ ਨੂੰ ਇੱਟਾਂ ਵਿਚ ਕੈਦ ਕਰਕੇ ਭੋਲੂ ਸਕੂਲ ਚਲਾ ਗਿਆ। ਉਹ ਸਾਰਾ ਦਿਨ ਜਮਾਤ ਵਿਚ ਬੈਠਾ ਤਾਂ ਰਿਹਾ ਪਰ ਉਸਦਾ ਧਿਆਨ ਘੁੱਗੀ ਵਿਚ ਹੀ ਸੀ। ਭੋਲੂ ਨੇ ਸਾਰਾ ਦਿਨ ਇਕ ਅੱਖਰ ਵੀ ਨਾ ਪੜ੍ਹਿਆ।
ਛੁੱਟੀ ਹੋਣ ਸਾਰ ਭੋਲੂ ਸਭ ਬੱਚਿਆਂ ਤੋਂ ਪਹਿਲਾਂ ਸਕੂਲੋਂ ਨਿਕਲ ਪਿਆ। ਉਹ ਸਿੱਧਾ ਉਸ ਆਲੇ ਕੋਲ ਪਹੁੰਚ ਗਿਆ, ਜਿਸ ਵਿਚ ਉਸਨੇ ਘੁੱਗੀ ਨੂੰ ਬੰਦ ਕੀਤਾ ਸੀ। ਭੋਲੂ ਨੇ ਆਲ਼ੇ ਅੱਗੇ ਲੱਗੀਆਂ ਇੱਟਾਂ ਵੱਲ ਵੇਖਿਆ। ਇੱਟਾਂ ਉੱਪਰ ਕਿਸੇ ਪੰਛੀ ਦੀਆਂ ਚੁੰਜਾਂ ਦੇ ਨਿਸ਼ਾਨ ਸਨ।
"ਇਸਦੀ ਮਾਂ, ਵੱਡੀ ਘੁੱਗੀ ਆਈ ਹੋਵੇਗੀ। ਉਹ ਚੁੰਜਾਂ ਨਾਲ ਆਲ੍ਹੇ ਨੂੰ ਖੋਹਲਣ ਦੀ ਕੋਸ਼ਿਸ਼ ਕਰਦੀ ਰਹੀ ਹੋਵੇਗੀ।" ਭੋਲੂ ਨੇ ਅਨੁਮਾਨ ਲਾਇਆ।
"ਹੁਣ ਤੇ ਇਹ ਪਿਆਰੀ ਜਿਹੀ ਨਿੱਕੀ ਘੁੱਗੀ ਮੇਰੇ ਨਾਲ ਜਾਵੇਗੀ।" ਭੋਲੂ ਨੇ ਇਹ ਆਖਦਿਆਂ ਆਲੇ ਅਗਿਓ ਇੱਟਾਂ ਹਟਾ ਦਿੱਤੀਆਂ। ਘੁੱਗੀ ਆਲ਼ੇ ਵਿਚ ਸਹਿਮੀ ਬੈਠੀ ਸੀ।
"ਤੂੰ ਡਰ ਨਾ। ਮੈਂ ਤੈਨੂੰ ਕੁਝ ਨਹੀਂ ਆਖਦਾ। ਘਰ ਜਾਕੇ ਤੇਰੀ ਖੂਬ ਸੇਵਾ ਕਰਾਂਗਾ।" ਭੋਲੂ ਨੇ ਘੁੱਗੀ ਨੂੰ ਆਪਣੇ ਵੱਲੋਂ ਦਿਲਾਸਾ ਦਿੱਤਾ। ਉਹ ਘੁੱਗੀ ਨੂੰ ਲੈਕੇ ਆਪਣੇ ਘਰ ਪਹੁੰਚ ਗਿਆ।
"ਮਾਂ! ਵੇਖ! ਮੈਂ ਅੱਜ ਕੀ ਲੈ ਕੇ ਆਇਆ ਹਾਂ। ਮੈਂ ਇਸ ਨੂੰ ਆਪਣੇ ਘਰ ਰਖਾਂਗਾ। ਮੈਂ ਇਸ ਨੂੰ ਚੋਗਾ ਪਾਇਆ ਕਰਾਂਗਾ। ਮੈਂ ਇਸਦੀ ਇੰਨੀ ਸੇਵਾ ਕਰਾਂਗਾ ਕਿ ਇਸਦਾ ਸਾਡੇ ਘਰੋਂ ਜਾਣ ਨੂੰ ਜੀਅ ਨਹੀਂ ਕਰੇਗਾ।" ਭੋਲੂ ਨੇ ਚਾਈਂ ਚਾਈਂ ਆਪਣੀ ਮਾਂ ਨੂੰ ਘੁੱਗੀ ਵਿਖਾਉਂਦਿਆਂ ਆਖਿਆ।
"ਪੁੱਤਰ! ਇਸ ਦੀਆਂ ਅੱਖਾਂ ਵਿਚ ਤੇ ਹੰਝੂ ਹਨ।" ਮਾਂ ਨੇ ਘੁੱਗੀ ਵੱਲ ਵੇਖਕੇ ਆਖਿਆ। "ਪੁੱਤਰ! ਇਹ ਆਪਣੀ ਮਾਂ ਕੋਲ ਜਾਣਾ ਚਾਹੁੰਦੀ ਹੈ। ਮਾਂ ਤੋਂ ਬਿਨਾਂ ਇਹ ਓਦਰ ਗਈ ਹੈ। ਇਸ ਦੀ ਮਾਂ ਇਸ ਨੂੰ ਲੱਭ-ਲੱਭ ਹਾਰ ਗਈ ਹੋਵੇਗੀ। ਇਸਦੀ ਮਾਂ ਉੱਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਹੋਵੇਗਾ। ਤੂੰ ਇਸ ਨੂੰ ਜਿੱਥੋਂ ਲੈਕੇ ਆਇਆ ਸੀ, ਉਥੇ ਹੀ ਵਾਪਸ ਛੱਡ ਆ।" ਮਾਂ ਨੇ ਦੁਬਾਰਾ ਆਖਿਆ। ਪਰ ਭੋਲੂ ਘੁੱਗੀ ਨੂੰ ਵਾਪਸ ਛੱਡ ਕੇ ਆਉਣ ਲਈ ਤਿਆਰ ਨਹੀਂ ਸੀ। ਉਹ ਘੁੱਗੀ ਨੂੰ ਛੱਡਣ ਦੀ ਥਾਂ ਸਗੋਂ ਮਾਂ ਨਾਲ ਬਹਿਸਬਾਜੀ ਕਰਨ ਲੱਗ ਪਿਆ।
"ਪੁੱਤਰ! ਇਸ ਘੁੱਗੀ ਦੀ ਥਾਂ ’ਤੇ ਤੂੰ ਆਪਣੇ ਆਪ ਨੂੰ ਰੱਖਕੇ ਵੇਖ। ਕੀ ਤੂੰ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਹੈਂ?" ਮਾਂ ਨੇ ਪੁੱਛਿਆ। ਹੁਣ ਭੋਲੂ ਕੋਲ ਕੋਈ ਜਵਾਬ ਨਹੀਂ ਸੀ। ਮਾਂ ਜਦੋਂ ਕਦੇ ਭੋਲੂ ਨੂੰ ਘਰ
49/ਅੱਖਰਾਂ ਦੀ ਸੱਥ