ਪੰਨਾ:ਅੱਖਰਾਂ ਦੀ ਸੱਥ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਾਣੀਆਂ ਵਿੱਚੋਂ ਹੀ ਲੱਭਣਾ ਹੈ। ਸਮੇਂ ਨਾਲ ਕਹਾਣੀ ਲੇਖਕਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ। ਆਪਣੀ ਜਿੰਮੇਵਾਰੀ ਸਮਝਦਿਆਂ ਤੁਹਾਡੇ ਲਈ ਕਹਾਣੀਆਂ ਦੀ ਪੁਸਤਕ 'ਅੱਖਰਾਂ ਦੀ ਸੱਥ' ਲੈਕੇ ਹਾਜ਼ਰ ਹਾਂ।

ਪੁਸਤਕ 'ਅੱਖਰਾਂ ਦੀ ਸੱਥ’ ਵਿਚਲੀਆਂ ਕਹਾਣੀਆਂ ਜੇ ਸਾਰੀਆਂ ਨਹੀਂ ਤਾਂ ਤੁਹਾਡੀਆਂ ਕੁਝ ਸਮੱਸਿਆਵਾਂ ਦਾ ਹੱਲ ਜ਼ਰੂਰ ਸੁਝਾਉਣਗੀਆਂ। ਤੁਸੀਂ ਇਸ ਪੁਸਤਕ ਵਿਚਲੀ ਹਰੇਕ ਕਹਾਣੀ ਤੋਂ ਕੁਝ ਨਾ ਕੁਝ ਸਿੱਖਿਆ ਜ਼ਰੂਰ ਗ੍ਰਹਿਣ ਕਰੋਗੇ।

ਬੱਚਿਓ! ਅੱਖਰ ਅਮਰ ਹਨ। ਅੱਖਰ ਸਾਡੇ ਲਈ ਅਨਮੋਲ ਹਨ। ਅੱਖਰਾਂ ਨੂੰ ਜੋੜਨ ਨਾਲ ਹੀ ਕਹਾਣੀਆਂ ਬਣਦੀਆਂ ਹਨ। ਅੱਖਰਾਂ ਰਾਹੀਂ ਹੀ ਦੁਨੀਆ ਭਰ ਦਾ ਗਿਆਨ ਸਾਡੇ ਤਕ ਅੱਪੜਦਾ ਹੈ। ਅੱਖਰ ਸਾਡੇ ਲਈ ਦਾਨਿਸ਼ਮੰਦਾਂ ਦਾ ਰੋਲ ਅਦਾ ਕਰਦੇ ਹਨ। ਪਰ ਇਸ ਸਮਾਜਿਕ ਵਰਤਾਰੇ ਵਿਚ ਕਈ ਵਾਰ ਦਾਨਿਸ਼ਮੰਦਾਂ ਨੂੰ ਵੀ ਕਿਸੇ ਨਾ ਕਿਸੇ ਸਮੱਸਿਆ ਦਾ ਟਾਕਰਾ ਕਰਨਾ ਪੈ ਜਾਂਦਾ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਅੱਖਰਾਂ ਦੀ ਸੱਥ’ ਵਿਚਲੇ ਅੱਖਰਾਂ ਵਾਂਗ ਸਾਨੂੰ ਆਪਣੀ ਹਰੇਕ ਸਮੱਸਿਆ ਨੂੰ ਮਿਲ ਬਹਿ ਕੇ ਨਬੇੜ ਲੈਣਾ ਚਾਹੀਦਾ ਹੈ। ਸਾਨੂੰ ਚੱਕੀਰਾਹੇ ਵਾਂਗ ਰੀਸ ਕਰਕੇ ਕੋਠੀ ਨਹੀਂ ਬਣਾਉਣੀ ਚਾਹੀਦੀ। ਰੈਣ ਬਸੇਰਾ ਬਣਾਉਣ ਵੇਲੇ ਸਾਨੂੰ ਆਪਣੀਆਂ ਸੁਖ-ਸੁਵਿਧਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਵਾਰਾਗਰਦੀ ਕਰਨ ਵਾਲੇ ਆਪਣੇ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਸਹੇੜ ਲੈਂਦੇ ਹਨ ਤੇ ਕਿਸੇ ਦੀ ਚੁੱਕਣਾ ਵਿਚ ਆਣ ਕੇ ਕੰਮ ਕਰਨ ਵਾਲੇ ਆਪਣਾ ਹੀ ਨੁਕਸਾਨ ਕਰਦੇ ਹਨ। ਸਾਨੂੰ ਕਿਸੇ ਦੇ ਪਿੱਛੇ ਲੱਗ ਕੇ ਕਿੱਟੂ ਕੁੱਕੜ ਵਾਂਗ ਆਪਣਾ ਘਰ ਤੇ ਪਿੰਡ ਨਹੀਂ ਛੱਡਣਾ ਚਾਹੀਦਾ। ਸਾਨੂੰ ਮੋਲੂ ਮੇਮਣੇ ਵਾਂਗ ਸਿਆਣੇ ਤੇ ਚਿੜੀ ਵਾਂਗ ਮਿਹਨਤੀ ਬਣਨਾ ਚਾਹੀਦਾ ਹੈ। ਸਾਨੂੰ ਦੂਸਰਿਆਂ ਦੀ ਮਦਦ ਲਈ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਪਰ ਕਦੇ ਵੀ ਗਲਤ ਕੰਮ ਲਈ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ। ਦੂਸਰੇ ਪਾਸੇ ਜੇਕਰ ਕੋਈ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਉਸਦੇ ਅਹਿਸਾਨਮੰਦ ਵੀ ਹੋਣਾ ਚਾਹੀਦਾ ਹੈ।

ਅਸੀਂ ਭਾਵੇਂ ਅਥਾਹ ਵਿਕਾਸ ਕਰ ਲਿਆ ਹੈ ਪਰ ਅਸੀਂ ਅਜੇ ਵੀ ਘੁਮੰਡ ਵਿਚ ਆ ਜਾਂਦੇ ਹਾਂ। ਸਾਨੂੰ ਖਰਗੋਸ਼ ਤੇ ਕਛੂਕੰਮੇ ਵਾਲੀ ਕਹਾਣੀ ਅੱਜ ਵੀ ਮੁੱਲਵਾਨ ਜਾਪਦੀ ਹੈ। ਇਸੇ ਕਰਕੇ ਮੈਂ ਅੱਜ ਦੇ ਪ੍ਰਸੰਗ ਵਿਚ ਇਸਦੀ ਪੁਨਰ-ਸਿਰਜਣਾ ਕੀਤੀ ਹੈ। ਉਮੀਦ ਹੈ ਤੁਹਾਨੂੰ ਪੁਸਤਕ ‘ਅੱਖਰਾਂ ਦੀ ਸੱਥ' ਵਿਚਲੀਆਂ ਕਹਾਣੀਆਂ ਬੇਹਦ ਪਸੰਦ ਆਉਣਗੀਆਂ। ਮੈਨੂੰ, ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।

ਇਕਬਾਲ ਸਿੰਘ

ਮੋ: 9416592149

8/ਅੱਖਰਾਂ ਦੀ ਸੱਥ