ਪੰਨਾ:ਅੱਖਰਾਂ ਦੀ ਸੱਥ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਿਆਂ ਨਾਲ ਸੰਵਾਦ-

'ਅੱਖਰਾਂ ਦੀ ਸੱਥ' ਦੇ ਸੰਦਰਭ ਵਿਚ

ਬੱਚਿਓ! ਸਮੇਂ ਨਾਲ ਅਸੀਂ ਅਥਾਹ ਤਰੱਕੀ ਕਰ ਲਈ ਹੈ। ਸਾਡਾ ਜੀਵਨ ਦਿਨੋਂ-ਦਿਨ ਹੋਰ ਸੁਖਾਲਾ ਹੁੰਦਾ ਜਾ ਰਿਹਾ ਹੈ। ਸਾਡੀਆਂ ਸੁਖ-ਸੁਵਿਧਾਵਾਂ ਦੀ ਕੋਈ ਸੀਮਾ ਨਹੀਂ ਰਹੀ। ਸਾਨੂੰ ਇੰਜ ਲਗਦਾ ਹੈ, ਜਿਵੇਂ ਸਾਰੀ ਦੁਨੀਆ ਸਾਡੀ ਮੁੱਠੀ ਵਿਚ ਹੋਵੇ। ਸੂਚਨਾ ਤਕਨੀਕਾਂ ਦੀ ਕ੍ਰਾਂਤੀ ਨਾਲ ਅਸੀਂ ਘਰ ਬੈਠੇ ਕਿਸੇ ਤਰ੍ਹਾਂ ਦਾ ਵੀ ਗਿਆਨ ਪ੍ਰਾਪਤ ਕਰ ਸਕਦੇ ਹਾਂ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿਚ ਆ ਕੇ ਸਾਡੇ ਲਈ ਕਥਾ-ਕਹਾਣੀਆਂ ਦੀ ਲੋੜ ਨਹੀਂ ਰਹੀ।

ਕਥਾ-ਕਹਾਣੀਆਂ, ਵਿਕਾਸ ਦੇ ਹਰੇਕ ਪੜਾਅ ਵਿਚ ਸਾਡੇ ਅੰਗ-ਸੰਗ ਰਹੀਆਂ ਹਨ। ਕਹਾਣੀਆਂ, ਮੁਢ ਤੋਂ ਸਾਡਾ ਮਨੋਰੰਜਨ ਕਰਨ ਦੇ ਨਾਲ ਨਾਲ ਸਾਨੂੰ ਬਹੁ-ਪੱਖੀ ਗਿਆਨ ਤੇ ਸਿੱਖਿਆ ਦਿੰਦੀਆਂ ਆ ਰਹੀਆਂ ਹਨ। ਕੋਈ ਵੇਲਾ ਸੀ। ਮਨੁੱਖ ਦੀਆਂ ਲੋੜਾਂ ਸੀਮਿਤ ਸਨ। ਮਨੁੱਖ ਸਿਰਫ ਮੁਢਲੀਆਂ ਜ਼ਰੂਰਤ ਦੀਆਂ ਵਸਤਾਂ ਦੀ ਲੋੜ ਮਹਿਸੂਸ ਕਰਦਾ ਸੀ। ਮਨੁੱਖ ਮੁਢਲੀਆਂ ਲੋੜਾਂ ਲਈ ਵੀ ਜੰਗਲਾਂ ਵਿਚ ਭਟਕਦਾ ਸੀ। ਉਦੋਂ ‘ਲੋੜ ਕਾਢ ਦੀ ਮਾਂ ਹੈ', ‘ਲਾਲਚ ਬੁਰੀ ਬਲਾ ਹੈ’, ‘ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ’ ਜਿਹੀ ਸਿੱਖਿਆ ਦੇਣ ਲਈ ਕਹਾਣੀਆਂ ਘੜੀਆਂ ਗਈਆਂ।

ਫਿਰ ਰਜਵਾੜਾ ਸ਼ਾਹੀ ਵੇਲੇ ਤਾਂ ਬਾਲ ਕਹਾਣੀਆਂ ਦੀ ਹੋਰ ਵਧੇਰੇ ਲੋੜ ਮਹਿਸੂਸ ਕੀਤੀ ਜਾਣ ਲੱਗ ਪਈ। ਮੂਰਖ ਰਾਜਕੁਮਾਰਾਂ ਦੀ ਬੁੱਧੀ ਤੇਜ ਕਰਨ ਲਈ ਉਚੇਚੀਆਂ ਕਹਾਣੀਆਂ ਘੜੀਆਂ ਗਈਆਂ। ਰਾਜਿਆਂ ਦੇ ਵਾਰਸਾਂ ਨੂੰ ਕਹਾਣੀਆਂ ਰਾਹੀਂ ਰਾਜ ਕਰਨ ਦੀਆਂ ਕੂਟਨੀਤੀਆਂ ਸਿਖਾਈਆਂ ਜਾਣ ਲੱਗੀਆਂ।

ਅੱਜ ਰਾਜਿਆਂ ਦਾ ਰਾਜ ਨਹੀਂ ਰਿਹਾ। ਮੁਢਲੀਆਂ ਲੋੜਾਂ ਲਈ ਸਾਨੂੰ ਜੰਗਲਾਂ ਵਿਚ ਨਹੀਂ ਭਟਕਣਾ ਪੈਂਦਾ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲਈ ਕਹਾਣੀਆਂ ਦੀ ਲੋੜ ਨਹੀਂ ਰਹੀ। ਜਿਨ੍ਹਾਂ ਨਵੀਆਂ ਨਵੇਲੀਆਂ ਚੀਜ਼ਾਂ ਤੇ ਖੋਜਾਂ ਨੇ ਸਾਡੇ ਜੀਵਨ ਨੂੰ ਬੇਹਦ ਸੁਖਾਲਾ ਬਣਾ ਦਿੱਤਾ ਹੈ, ਉਨ੍ਹਾਂ ਨੇ ਮੁਨੱਖੀ ਜੀਵਨ ਲਈ ਕਈ ਤਰ੍ਹਾਂ ਦੇ ਖਤਰੇ ਵੀ ਖੜ੍ਹੇ ਕਰ ਦਿੱਤੇ ਹਨ। ਕੁਦਰਤੀ ਨਿਆਮਤਾਂ ਦੀ ਬੇਲੋੜੀ ਵਰਤੋਂ ਨਾਲ ਮਨੁੱਖੀ ਹੋਂਦ ਖਤਰੇ ਵਿਚ ਪੈ ਗਈ ਹੈ। ਇਸ ਸਮੇਂ ਅਸੀਂ ਮਹਾਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਇਹ ਮਹਾਮਾਰੀ ਸਾਨੂੰ ਕਈ ਤਰ੍ਹਾਂ ਦੀਆਂ ਨਸੀਹਤਾਂ ਦੇ ਰਹੀ ਹੈ। ਮਹਾਮਾਰੀ ਨੇ ਸਾਨੂੰ ਸਫਾਈ ਰੱਖਣ ਲਈ ਤੇ ਭੀੜ-ਭੜਕੇ ਤੋਂ ਬੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਸਾਨੂੰ ਹਰ ਹਾਲ ਵਿਚ ਪ੍ਰਕ੍ਰਿਤੀ ਨਾਲ ਜੁੜਨਾ ਪਵੇਗਾ। ਸਾਨੂੰ ਕੁਦਰਤੀ ਸਤ੍ਰੋਤਾਂ ਨੂੰ ਸੰਜਮ ਨਾਲ ਵਰਤਣਾ ਪਵੇਗਾ। ਮੋਬਾਇਲਾਂ ਤੇ ਲੈਪਟਾਪਾਂ ਉੱਪਰ ਪੜ੍ਹਾਈ ਕਰਦਿਆਂ ਸਾਨੂੰ ਮਾਨਸਿਕ ਥਕਾਨ ਉਤਾਰਨ ਦਾ ਕੋਈ ਨਾ ਕੋਈ ਵਸੀਲਾ ਲੱਭਣਾ ਪਵੇਗਾ। ਸਾਨੂੰ ਇਤਿਹਾਸ ਨੂੰ ਘੋਖਦਿਆਂ ਇਤਿਹਾਸ ਤੋਂ ਵੀ ਕੁਝ ਸਿੱਖਿਆ ਲੈਣੀ ਪਵੇਗੀ। ਇਹ ਸਾਰਾ ਕੁਝ ਸਾਨੂੰ

7/ਅੱਖਰਾਂ ਦੀ ਸੱਥ