ਮਿਹਨਤੀ ਚਿੜੀ
ਚਿੜੀ ਕਿਸਾਨ ਦੇ ਖੇਤ ਵਿਚ ਟਾਹਲੀ ਉੱਪਰ ਰਹਿੰਦੀ ਸੀ। ਚਿੜੀ, ਕਿਸਾਨ ਨੂੰ ਹਰ ਵੇਲੇ ਮਿਹਨਤ ਕਰਦਿਆਂ ਵੇਖਦੀ। ਕਿਸਾਨ ਮਿਹਨਤ ਹੀ ਨਹੀਂ, ਕਿਰਸ ਵੀ ਬਹੁਤ ਕਰਦਾ ਸੀ। ਕਿਸਾਨ ਆਪਣੇ ਖੇਤ ਵਿੱਚੋਂ ਦਾਣਾ-ਦਾਣਾ ਇਕੱਠਾ ਕਰਦਾ। ਉਹ ਆਉਣ ਵਾਲੇ ਸਮੇਂ ਲਈ ਦਾਣੇ ਬਚਾ ਕੇ ਰੱਖਦਾ ਸੀ।
ਚਿੜੀ ਵੀ ਕਿਸਾਨ ਵੱਲ ਵੇਖਕੇ ਮਿਹਨਤ ਕਰਨ ਲੱਗ ਪਈ। ਚਿੜੀ ਵੀ ਚੋਗਾ ਖੇਤਾਂ ਵਿੱਚੋਂ ਲੱਭ ਕੇ ਲਿਆਉਣ ਲੱਗ ਪਈ ਸੀ। ਚਿੜੀ, ਖੇਤਾਂ ਵਿੱਚੋਂ ਚੋਗਾ ਲਭਦੀ-ਲਭਦੀ ਦੂਰ ਨਿਕਲ ਜਾਂਦੀ। ਉਹ, ਕਿਸਾਨ ਦਾ ਸਟੋਰ ਕੀਤਾ ਹੋਇਆ ਅਨਾਜ ਨਹੀਂ ਚੁਰਾਉਂਦੀ ਸੀ। ਚਿੜੀ, ਕਿਸਾਨ ਵਾਂਗ ਬਚਤ ਵੀ ਕਰਨ ਲੱਗ ਪਈ ਸੀ। ਉਹ ਵੇਲੇ-ਕੁਵੇਲੇ ਲਈ ਅਨਾਜ ਬਚਾ ਕੇ ਰੱਖਦੀ।
ਜਿੱਥੇ ਚਿੜੀ ਰਹਿੰਦੀ ਸੀ, ਉੱਥੇ ਟਾਹਲੀ ਉੱਪਰ ਇਕ ਕਾਂ ਵੀ ਰਹਿੰਦਾ ਸੀ। ਕਾਂ ਬੇਹਦ ਆਲਸੀ, ਨਿਕੰਮਾ ਤੇ ਮੁਫ਼ਤਖੋਰ ਸੀ। ਕਾਂ ਬਿਲਕੁਲ ਵੀ ਮਿਹਨਤ ਨਹੀਂ ਕਰਦਾ ਸੀ। ਕਾਂ ਪਹਿਲੇ ਦਿਨ ਤੋਂ ਹੀ ਚੋਰੀ ਕਰਕੇ ਤੇ ਖੋਹ ਕੇ ਖਾਣ ਵਿਚ ਵਿਸ਼ਵਾਸ ਰੱਖਦਾ ਸੀ। ਹੁਣ ਕਾਂ ਨੂੰ ਹੋਰ ਵੀ ਮੌਜ ਲੱਗ ਗਈ ਸੀ। ਕਾਂ, ਚਿੜੀ ਦਾ ਚੋਗਾ ਖੋਹ ਕੇ ਤੇ ਚੁਰਾ ਕੇ ਖਾਣ ਲੱਗ ਪਿਆ ਸੀ।
ਚਿੜੀ, ਕਿਸਾਨ ਵਾਂਗ ਵੇਲੇ-ਕੁਵੇਲੇ ਲਈ ਦਾਣੇ ਇਕੱਠੇ ਕਰਕੇ ਆਲ੍ਹਣੇ ਵਿਚ ਰੱਖਦੀ ਸੀ। ਪਰ ਕਾਂ, ਚਿੜੀ ਦੇ ਇਕੱਠੇ ਕੀਤੇ ਦਾਣੇ ਝਪਟ ਕੇ ਲੈ ਜਾਂਦਾ ਸੀ।
ਚਿੜੀ ਕਈ ਦਿਨ ਵੇਖਦੀ ਰਹੀ। ਚਿੜੀ ਨੂੰ ਕਾਂ ਉੱਪਰ ਬੇਹਦ ਗੁੱਸਾ ਆਉਂਦਾ। ਪਰ ਚਿੜੀ, ਕਾਂ ਤੋਂ ਆਪਣਾ ਚੋਗਾ ਨਹੀਂ ਬਚਾ ਸਕਦੀ ਸੀ। ਉਹ, ਕਾਂ ਨਾਲੋਂ ਕੰਮਜ਼ੋਰ ਸੀ।
"ਕਾਂ ਤੋਂ ਅਨਾਜ ਬਚਾਉਣ ਦਾ ਕੋਈ ਹੀਲਾ ਕਰਨਾ ਪਵੇਗਾ।" ਚਿੜੀ ਨੇ ਸੋਚਿਆ ਤੇ ਉਸਨੇ ਇਕੱਠੇ ਕੀਤੇ ਦਾਣੇ ਛੁਪਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਉਸਨੇ ਆਪਣੇ ਦਾਣਿਆਂ ਨੂੰ ਛੁਪਾਉਣ ਲਈ ਟਾਹਲੀ ਦੇ ਮੁੱਢ ਵਿਚ ਇਕ ਖੋੜ੍ਹ ਲੱਭ ਲਈ।
ਚਿੜੀ ਦਾਣੇ ਬਚਾ ਕੇ ਖੋੜ੍ਹ ਵਿਚ ਰੱਖਣ ਲੱਗ ਪਈ ਸੀ ਪਰ ਇਥੇ ਵੀ ਚਿੜੀ ਦੇ ਦਾਣੇ ਕੁਝ ਦਿਨ ਹੀ ਸੁਰੱਖਿਅਤ ਰਹੇ। ਕਾਂ ਨੂੰ ਪਤਾ ਲੱਗ ਗਿਆ ਸੀ। ਉਹ ਖੋੜ੍ਹ ਵਿੱਚੋਂ ਵੀ ਚਿੜੀ ਦੇ ਦਾਣੇ ਚੁਰਾਉਣ ਲੱਗ ਪਿਆ ਸੀ।
ਕਾਂ ਦੀਆਂ ਹਰਕਤਾਂ ਵੇਖਕੇ ਚਿੜੀ ਸਮਝ ਗਈ ਕਿ ਕਾਂ ਤੋਂ ਚੋਗਾ ਬਚਾਉਣ ਲਈ ਕੋਈ ਹੋਰ ਹੀਲਾ ਕਰਨਾ ਪਵੇਗਾ।
ਚਿੜੀ ਬੇਹਦ ਸਿਆਣੀ ਤੇ ਮਿਹਨਤੀ ਸੀ। ਚਿੜੀ ਨੇ ਥੋੜ੍ਹੀ ਦੂਰ ਇਕ ਟਾਹਲੀ ਵਿਚ ਇਕ ਹੋਰ ਲੰਮੀ ਸੁਰੰਗ ਵਰਗੀ ਖੋੜ੍ਹ ਲੱਭ ਲਈ। ਹੁਣ ਚਿੜੀ ਨੇ ਦਾਣੇ ਬਚਾ ਕੇ ਇਸ ਸੁਰੰਗ ਵਰਗੀ ਖੋੜ੍ਹ ਵਿਚ ਰੱਖਣੇ ਸ਼ੁਰੂ ਕਰ ਦਿੱਤੇ।
9/ਅੱਖਰਾਂ ਦੀ ਸੱਥ