ਪੰਨਾ:ਅੱਗ ਦੇ ਆਸ਼ਿਕ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਖੂਹ ’ਤੇ ਕੀਤੀਆਂ ਨਿੱਕੀਆਂ ਨਿੱਕੀਆਂ ਬਚਪਨ ਦੀਆਂ ਗੱਲਾਂ ਦੀਆਂ ਯਾਦਾਂ ਮਲੋ ਮਲੀ ਉਹਦੇ ਦਿਮਾਗ ਵਿਚ ਵੜਦੀਆਂ ਜਾਂਦੀਆਂ ਸਨ।
'ਧਕੜੇ, ਬੁਰਕਾ ਪਾ ਕੇ ਨਿਕਲਿਆ ਕਰ......ਕਿਸੇ ਦੀ ਨਜ਼ਰ ਨਾ ਲਗ ਜਾਏ।'
'ਹਾਏ!' ਸੋਚਾਂ ਵਿਚ ਊਂਧੀ ਪਾ ਕੇ ਤੁਰੀ ਜਾਂਦੀ ਨੂਰਾਂ ਦਾ ਇਸ ਅਵਾਜ਼ ਨੂੰ ਸੁਣ ਕੇ ਤ੍ਰਾਹ ਨਿਕਲ ਗਿਆ। ਉਹਦੇ ਸਾਹਮਣੇ ਪ੍ਰੀਪਾਲ ਖੜੀ ਸੀ।
'ਕਿਉਂ ਨੀ, ਤੂੰ ਘਟ ਸੋਹਣੀ ਆਂ?..... ਲਿਖੀ ਪੜ੍ਹੀ......ਕਈ ਰੰਗ ਰੋਗਨ ਅਤੇ ਨਖਰੇ ਵਰਤਣੇ ਆਉਂਦੇ ਤੈਨੂੰ ਤਾਂ।' ਨੂਰਾਂ ਨੇ ਜਵਾਬ ਦਿਤਾ ਅਤੇ ਉਹ ਦੋਵੇਂ ਹੱਸ ਪਈਆਂ।
'ਨਹੀਂ, ਮੇਰੀ ਗਲ ਹੋਰ ਆ......ਪਰ ਤੈਨੂੰ ਵੇਖ ਕੇ ਮੁੰਡਿਆਂ ਦਾ ਦਿਲ 'ਧੱਕ', 'ਧੱਕ', ਕਰਨ ਲਗ ਜਾਂਦਾ ਅੱਜ ਕਲ।'
'ਮੈਨੂੰ ਬਹੁਤਾ ਨਹੀਂ ਪਤਾ...... ਪਰ ਅੱਲਾ ਦੀ ਕਸਮ ਜੇ ਕਿਤੇ ਮੈਂ ਮੁੰਡਾ ਹੁੰਦੀ ਤੈਨੂੰ ਕਿਧਰੇ ਕੱਢ ਕੇ ਜ਼ਰੂਰ ਲੈ ਜਾਂਦੀ।' ਨੂਰਾਂ ਕੋਲੋਂ ਕੋਈ ਢੁਕਵਾਂ ਉਤਰ ਨਾ ਸਰਿਆ।
'ਜੇ ਤੂੰ ਮੁੰਡਾ ਹੁੰਦੀਓਂ, ਤੇਰੀਆਂ ਇਹਨਾਂ ਸੂਹੀਆਂ ਗਲ੍ਹਾਂ ਦਾ ਮੈਂ ਸਾਰਾ ਰੰਗ ਚੂਸ ਲੈਣਾ ਸੀ।' ਉਹਦੀ ਗਲ੍ਹ ਦੀ ਚੂੰਡੀ ਭਰਦਿਆਂ ਉਸ ਕਚੀਚੀ ਵੱਟੀ।
'ਹਾਂ, ਹਾਂ ਤੇ ਫਿਰ ਬਰਕਤੇ ਆਗੂੰ ਨਿਕਲ ਜਾਣਾ ਸੀ, ਹੈ ਨਾਂ?' ਇਸ ਵਾਰ ਨੂਰਾਂ ਨੇ ਉਹਨੂੰ ਲਾ-ਜਵਾਬ ਕਰ ਦਿਤਾ ਅਤੇ ਹਾਸੇ ਨਾਲ ਲੋਟ ਪੋਟ ਹੁੰਦੀਆਂ ਉਹ ਆਪੋ ਆਪਣੇ ਰਾਹੇ ਪੈ ਗਈਆਂ।
'ਨੂਰਾਂ ਦੇ ਚਲੇ ਜਾਨ ਬਾਅਦ ਸਰਵਣ ਦਾ ਮਨ ਪੜ੍ਹਣ ਤੋਂ ਉਕਤਾ ਗਿਆ ਅਤੇ ਉਹ ਕੁਝ ਕੱਖ-ਕਾਨ ਇਕੱਠਾ ਕਰਕੇ, ਧੂੰਆਂ ਲਾ ਛੱਲੀ ਭੁੰਨ ਕੇ ਚੱਬਣ ਲਗ ਪਿਆ।
ਟਾਂਡਿਆਂ ਦੀ ਸਰਰ ਸਰਰ ਹੋਈ। ਮੁੱਢਾਂ ਵਿਚ ਦੀ ਕਿਸੇ ਦੇ ਪੈਰ ਨਜ਼ਰੀਂ ਆਏ। ਸਰਵਣ ਕੁਝ ਚੌਕਸ ਹੋ ਗਿਆ। ਪ੍ਰੀਪਾਲ ਦਾ ਹੱਸਦਾ ਮੁਸਕਰਾਂਦਾ ਚਿਹਰਾ ਸਰਵਣ ਦੇ ਸਾਹਮਣੇ ਸੀ। ਉਹਦੇ ਮੂੰਹ 'ਤੇ ਖੁਸ਼ੀ ਦੀ

੧੨