"ਓਹੋ ਹੀ ਭਾਬੀ ਜੀ, ਤੁਸੀਂ ਤਾਂ ਅਗੇ ਹੀ ਉਸ ਨੂੰ ਜਾਣਦੇ ਹੋ, ਮੈਂ ਮੀਸਣਾ ਜਿਹਾ ਮੂੰਹ ਬਣਾ ਕੇ ਕਿਹਾ ਹੈ।
ਉਹ ਕੁਝ ਸੋਚਣ ਲਗ ਪਈ।
ਮੈਂ ਆਖਿਆ - "ਮੁੰਡਾ ਚੰਗਾ ਜੇ, ਘਰ ਵੀ ਅਛਾ ਹੈ, ਇਹਦੇ ਨਾਲੋਂ ਚੰਗਾ ਸਾਕ ਸ਼ਾਇਦ ਤੁਹਾਨੂੰ ਕੋਈ ਨ ਮਿਲ ਸਕੇ।
ਮੈਂ ਸੱਸ ਦੇ ਮੂੰਹ ਵਲ ਵੇਖਿਆ ਮੈਨੂੰ ਉਸਦੇ ਚਿਹਰੇ ਤੋਂ ਜਾਪ ਰਿਹਾ ਸੀ, ਜਿਕੁਰ ਮੇਰੀ ਗਲ ਦਾ ਉਸ ਤੇ ਅਸਰ ਹੋਇਆ ਹੈ।
"ਕਾਕਾ! ਤੇਰੇ ਬਾਪੂ ਦੀ ਵੀ ਸਲਾਹ ਲੈਣੀ ਹੋਈ ਨਾ, ਉਹਦੀ ਸਲਾਹ ਤੋਂ ਬਿਨਾਂ ਤਾਂ ਕੁਝ ਨਹੀਂ ਨਾ ਹੋ ਸਕਦਾ।" ਉਸ ਨੇ ਇਸ ਗਲ ਤੇ ਫਿਰ ਸੋਚਣ ਦੇ ਖਿਆਲ ਨਾਲ ਕਿਹਾ।
ਮੈਂ ਸੱਸ ਦੇ ਇਨ੍ਹਾਂ ਅੱਖਰਾਂ ਤੋਂ ਸਮਝ ਗਿਆ ਕਿ ਉਹ ਇਸ ਗਲ ਤੇ ਰਾਜ਼ੀ ਹੈ।
ਹੁਣ ਮੇਰੀਆਂ ਛੁਟੀਆਂ ਪੰਜ ਰਹਿ ਗਈਆਂ ਸਨ। ਇਸ ਲਈ ਮੈਂ ਕਾਹਲਾਂ ਪੈ ਰਿਹਾ ਸੀ ਕਿ ਜਿਹੜਾ ਕੰਮ ਭੀ ਹੋਣਾ ਹੈ ਜਲਦੀ ਹੋ ਜਾਵੇ ਤਾਂ ਕਿ ਮੈਂ ਤਸੱਲੀ ਨਾਲ ਜਾ ਸਕਾਂ, ਪਰ ਮੇਰਾ ਸਹੁਰਾ ਬਹੁਤ ਸੁਸਤ ਸਭਾ ਦਾ ਸੀ, ਇਸ ਲਈ ਉਹਨੇ ਆਪਣੀ ਆਦਤ ਮੁਤਾਬਕ ਇਸ ਗਲ ਨੂੰ ਲਮਕਾ ਦਿਤਾ। ਮੇਰੀ ਇਕ ਛੁਟੀ ਰਹਿ ਗਈ।
ਉਸ ਦਿਨ ਜਦ ਮੈਂ ਖੂਹ ਤੇ ਬੈਠਾ ਹੋਇਆ ਸੀ ਤਾਂ ਕਿਸੇ ਨੇ ਛੋਪਲੀ ਜਿਹੀ ਮੇਰੀਆਂ ਅੱਖਾਂ ਮੀਟ ਲਈਆਂ।