ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਰੀ ਜਾਂ ਕੋਲੀ ਜਾਤੀ ਨੇ ਵੀ ਤਾਲਾਬਾਂ ਦਾ ਬੜਾ ਕੰਮ ਕੀਤਾ ਸੀ। ਸੈਂਕੜੇ ਤਾਲਾਬ ਬਣਾਉਣ ਵਾਲੇ ਕੋਰੀਆਂ ਬਾਰੇ ਅੱਜ ਠੀਕ ਢੰਗ ਨਾਲ ਜਾਣਕਾਰੀ ਦੇਣ ਵਾਲਾ ਇੱਕ ਵੀ ਫ਼ਿਕਰਾ ਨਹੀਂ ਮਿਲਦਾ। ਪਰ ਇੱਕ ਸਮਾਂ ਸੀ, ਬਹੁਤ ਸਾਰੇ ਖੇਤਰਾਂ ਵਿੱਚ ਕੋਲੀ ਜਾਤੀ ਦੇ ਕਾਮਿਆਂ ਨੂੰ ਆਪਣੇ ਲਾਗੇ ਵਸਾਉਣ ਵਾਸਤੇ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਸਨ। ਮਹਾਂਰਾਸ਼ਟਰ ਤੇ ਗੁਜਰਾਤ ਦੇ ਬਹੁਤ ਪਿੰਡਾਂ ਵਿੱਚ ਉਨ੍ਹਾਂ ਨੂੰ ਜ਼ਮੀਨ ਦਿੱਤੀ ਜਾਂਦੀ ਸੀ, ਉਨ੍ਹਾਂ ਦਾ ਲਗਾਨ ਮੁਆਫ਼ ਕੀਤਾ ਜਾਂਦਾ ਸੀ। ਅਜਿਹੀ ਜ਼ਮੀਨ ਨੂੰ ਬਾਰਾ ਜਾਂ ਵਾਰੋ ਕਿਹਾ ਜਾਂਦਾ ਸੀ।

ਸੱਚਮੁੱਚ ਲੋਹ-ਪੁਰਸ਼ ਸਨ ਅਗਰੀਆ। ਇਹ ਜਾਤੀ ਆਮ ਤੌਰ 'ਤੇ ਲੋਹੇ ਦਾ ਕੰਮ ਕਰਦੀ ਸੀ, ਪਰ ਕਿਤੇ-ਕਿਤੇ ਅਗਰੀਆ ਤਾਲਾਬ ਵੀ ਬਣਾਉਂਦੇ ਸਨ। ਤਾਲਾਬ ਪੁੱਟਣ ਦੇ ਔਜ਼ਾਰ ਕਹੀ, ਫਹੁੜਾ, ਬੇਲ, ਤਸਲੇ ਬਣਾਉਣ ਵਾਲੇ ਲੋਕ ਇਨ੍ਹਾਂ ਔਜ਼ਾਰਾਂ ਨੂੰ ਇਸਤੇਮਾਲ ਕਰਨ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਸਨ। ਬੇਲ ਸ਼ਬਦ ਤੋਂ ਹੀ ਬੇਲਦਾਰ ਬਣਿਆ ਹੈ।

ਮਾਲੀ ਸਮਾਜ ਅਤੇ ਇਸ ਕੰਮ ਵਿੱਚ ਲੱਗੀ ਪਰਿਹਾਰ ਜਾਤੀ ਦਾ ਵੀ ਯੋਗਦਾਨ ਤਾਲਾਬਾਂ ਵਿੱਚ ਬਹੁਤ ਸੀ। ਤਾਲਾਬ ਬਣਾਉਣ ਵਿੱਚ, ਆਲੇ-ਦੁਆਲੇ ਕਮਲ ਦੇ ਫੁੱਲ ਤੇ ਵੇਲ-ਬੂਟੇ ਪਾਉਣ ਵਿੱਚ ਉਨ੍ਹਾਂ ਦਾ ਬੜੇ ਕਮਾਲ ਦਾ ਯੋਗਦਾਨ ਸੀ। ਕਿਤੇ-ਕਿਤੇ ਤਾਲਾਬ ਦੇ ਕੰਢੇ ਕੁੱਝ ਜ਼ਮੀਨ ਸਿਰਫ਼ ਮਾਲੀ ਪਰਿਵਾਰਾਂ ਲਈ ਰੱਖੀ ਜਾਂਦੀ ਸੀ। ਉਨ੍ਹਾਂ ਦਾ ਜੀਵਨ ਤਾਲਾਬ ਦੇ ਸਹਾਰੇ ਹੀ ਚੱਲਦਾ ਸੀ ਅਤੇ ਜੀਵਨ ਭਰ ਉਹ ਤਾਲਾਬ ਦੀ ਰਾਖੀ ਕਰਦੇ ਸਨ।

ਭੀਲ, ਭਿਲਾਲੇ, ਸਰੀਆ, ਕੋਲ ਅੱਜ ਆਪਣਾ ਸਾਰਾ ਕੁੱਝ ਗੁਆ ਚੁੱਕੇ ਹਨ ਅਤੇ ਜਨ-ਜਾਤੀਆਂ ਦੀ ਅਨੁਸੂਚਿਤ ਸੂਚੀ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ। ਇੱਕ ਸਮੇਂ ਉਨ੍ਹਾਂ ਦੇ ਛੋਟੇ-ਵੱਡੇ ਰਾਜ ਸਨ। ਇਨ੍ਹਾਂ ਦੇ ਰਾਜਾਂ ਵਿੱਚ ਪਾਣੀ ਦੀ, ਤਾਲਾਬਾਂ ਦੀ ਪੂਰੀ ਜ਼ਿੰਮੇਦਾਰੀ ਇਨ੍ਹਾਂ ਦੀ ਆਪਣੀ ਹੁੰਦੀ ਸੀ। ਵਗਦੀ ਨਦੀ ਦਾ ਪਾਣੀ ਕਿੱਥੇ ਰੋਕਣਾ ਹੈ, ਕਿਵੇਂ ਰੋਕਣਾ ਹੈ ਅਤੇ ਫਿਰ ਉਸ ਬੰਨ੍ਹੇ ਹੋਏ ਪਾਣੀ ਨੂੰ ਕਿੰਨੀ ਦੂਰ ਤੱਕ ਸਿੰਜਾਈ ਲਈ ਲੈ ਕੇ ਜਾਣਾ ਹੈ, ਇਹ ਸੁਚੱਜਾ ਕੰਮ ਭੀਲ, ਤੀਰ-ਕਮਾਨ ਵਾਂਗ ਆਪਣੇ ਮੋਢਿਆਂ ਉੱਤੇ ਹੀ ਰੱਖਦੇ ਸਨ। ਅਜਿਹੇ ਬੰਨ੍ਹੇ ਹੋਏ ਪਾਣੀ ਅਤੇ ਤਾਲਾਬਾਂ ਦੀ ਉਨ੍ਹਾਂ ਨੂੰ ਬਹੁਤ ਪਰਖ ਸੀ। ਦਬਾਅ ਕਿੰਨਾ ਹੈ, ਕਿੰਨੀ ਦੂਰੀ ਉੱਤੇ ਉਹ ਖੂਹ ਨੂੰ ਹਰਾ ਕਰ ਸਕਦਾ ਹੈ। ਇਹ ਭੇਤ ਉਹ ਸਿਰਫ਼ ਆਪਣੇ ਤੀਰ ਨਾਲ ਰੇਖਾ ਖਿੱਚ ਕੇ ਹੀ ਦੱਸ ਸਕਦੇ ਸਨ।

ਰਾਜਸਥਾਨ ਵਿੱਚ ਇਹ ਕੰਮ ਮੀਣਾ ਕਰਦੇ ਸਨ। ਅਲਵਰ ਜ਼ਿਲ੍ਹੇ ਦੇ ਮੈਗਸਾਸੇ ਇਨਾਮ ਜੇਤੂ ਸ਼੍ਰੀ ਰਾਜਿੰਦਰ ਸਿੰਘ ਦੀ ਛੋਟੀ ਜਿਹੀ ਸੰਸਥਾ 'ਤਰੁਣ ਭਾਰਤ ਸੰਘ' ਨੇ ਪਿਛਲੇ 13 ਸਾਲਾਂ ਵਿੱਚ 17,500 ਤੋਂ ਵੱਧ ਤਾਲਾਬ ਬਣਾਏ ਹਨ। ਉਨ੍ਹਾਂ ਨੂੰ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਪੂਰਾ ਪਿੰਡ ਹੀ ਤਾਲਾਬ ਬਣਾਉਣਾ ਜਾਣਦਾ ਹੈ। ਔਖੀਆਂ

47
ਅੱਜ ਵੀ ਖਰੇ ਹਨ
ਤਾਲਾਬ