ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਔਖੀਆਂ ਘੜੀਆਂ ਵਿੱਚ ਵੀ ਸੰਸਥਾ ਨੂੰ ਬਾਹਰੋਂ ਸਲਾਹ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਪਿੰਡਾਂ ਵਿੱਚ ਮੀਣਾ ਰਹਿੰਦੇ ਸਨ, ਜਿਹੜੇ ਕਈ ਪੀੜ੍ਹੀਆਂ ਤੋਂ ਤਾਲਾਬਾਂ ਦਾ ਹੀ ਕੰਮ ਕਰ ਰਹੇ ਸਨ।

ਭੀਲ ਵੀ ਅੱਗੋਂ ਕਈ ਕਿਸਮ ਦੇ ਸਨ। ਨਾਇਕ, ਨਾਇਕਾ, ਚੋਲੀਵਾਲਾ ਨਾਇਕ, ਕਾਪੜੀਆ ਨਾਇਕ, ਵੱਡਾ ਨਾਇਕ, ਛੋਟਾ ਨਾਇਕ ਅਤੇ ਫਿਰ ਤਲਾਵੀਆ, ਗਰਾਸੀਆ, ਸਾਰੇ ਤਾਲਾਬ ਅਤੇ ਪਾਣੀ ਦੇ ਕੰਮ ਦੇ ਨਾਇਕ ਸਮਝੇ ਜਾਂਦੇ ਸਨ।

ਨਾਇਕ ਜਾਂ ਮਹਾਂਰਾਸ਼ਟਰ ਕੋਂਕਣ ਵਿੱਚ, ਨਾਇਕ ਦਾ ਅਹੁਦਾ ਬੰਜਾਰਾ ਸਮਾਜ ਵਿੱਚ ਵੀ ਸੀ। ਜੰਗਲਾਂ ਵਿੱਚ ਵਿਚਰਨ ਵਾਲੇ ਬਣਚਰ, ਬਿਣਚਰ ਹੌਲੀ-ਹੌਲੀ ਬਣਜਾਰੇ ਕਹਾਉਣ ਲੱਗੇ। ਇਨ੍ਹਾਂ ਸਾਰਿਆਂ ਦੀ ਅੱਜ ਬੜੀ ਮਾੜੀ ਹਾਲਤ ਬਣਾ ਦਿੱਤੀ ਗਈ ਹੈ। ਇੱਕ ਸਮੇਂ ਇਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਸ਼ੂਆਂ ਉੱਤੇ ਮਾਲ ਲੱਦ ਕੇ ਵਪਾਰ ਕਰਨ ਨਿੱਕਲਦੇ ਸਨ। ਗੰਨੇ ਦੇ ਖੇਤਰ ਵਿੱਚੋਂ ਚਾਵਲ ਦੇ ਖੇਤਰ ਵਿੱਚ ਗੜ ਲੈ ਜਾਂਦੇ ਅਤੇ ਫਿਰ ਚਾਵਲ ਲਿਆ ਕੇ ਦੂਜੇ ਇਲਾਕਿਆਂ ਵਿੱਚ ਵੇਚਦੇ ਸਨ।

ਸ਼ਾਹਜਹਾਂ ਦੇ ਵਜ਼ੀਰ ਆਸਫ਼ਜਹਾਂ ਜਦੋਂ 1630 ਈ: ਵਿੱਚ ਦੱਖਣ ਆਏ ਸਨ ਤਾਂ ਉਨ੍ਹਾਂ ਦੀ ਫ਼ੌਜ ਦਾ ਸਾਮਾਨ ਭੰਗੀ-ਜੰਗੀ ਨਾਂ ਦੇ ਇਕ ਵਣਜਾਰਿਆਂ ਦੇ ਬਲਦਾਂ ਉੱਤੇ ਲੱਦਿਆ ਗਿਆ ਸੀ। ਬਲਦਾਂ ਦੀ ਗਿਣਤੀ ਸੀ ਇੱਕ ਲੱਖ ਅੱਸੀ ਹਜ਼ਾਰ। ਭੰਗੀ-ਜੰਗੀ ਤੋਂ ਬਗੈਰ ਸ਼ਾਹੀ ਫ਼ੌਜ ਹੱਲ ਨਹੀਂ ਸੀ ਸਕਦੀ। ਉਸਦੀ ਪ੍ਰਸ਼ੰਸਾ ਵਿੱਚ ਵਜ਼ੀਰ ਆਸਫ਼ਜਹਾਂ ਨੇ ਉਹਨਾਂ ਨੂੰ ਸੋਨੇ ਨਾਲ ਲਿਖਿਆ ਇੱਕ ਤਾਮਰ ਪੱਤਰ ਭੇਟ ਕੀਤਾ ਸੀ।

ਵੇਰਵਿਆਂ ਵਿੱਚ ਭਾਵੇਂ ਕੁੱਝ ਉੱਨੀ-ਇੱਕੀ ਹੋ ਸਕਦੀ ਹੈ, ਪਰ ਉਨ੍ਹਾਂ ਦੇ ਕਾਰਵਾਂ ਵਿੱਚ ਪਸ਼ੂ ਇੰਨੇ ਹੁੰਦੇ ਸਨ ਕਿ ਗਿਣਨਾ ਔਖਾ ਹੋ ਜਾਂਦਾ ਸੀ। ਉਦੋਂ ਸਿਰਫ਼ ਇਨ੍ਹਾਂ ਨੂੰ ਇੱਕ ਲੱਖ ਪਸ਼ੂਆਂ ਦਾ ਕਾਰਵਾਂ ਮੰਨ ਲਿਆ ਜਾਂਦਾ ਸੀ ਅਤੇ ਅਜਿਹੀ ਟੋਲੀ ਦਾ ਨਾਇਕ ਲਾਖਾ (ਲੱਖੀ) ਬੰਜਾਰਾ ਕਹਾਉਂਦਾ ਸੀ। ਹਜ਼ਾਰਾਂ ਪਸ਼ੂਆਂ ਦੇ ਇਸ ਕਾਰਵਾਂ ਨੂੰ ਲੈ ਕੇ ਸੈਂਕੜੇ ਲੋਕ ਚਲਦੇ ਸਨ। ਇਨ੍ਹਾਂ ਦੇ ਇੱਕ ਦਿਨ ਦੇ ਪੜਾਅ ’ਤੇ ਪਾਣੀ ਦੀ ਕਿੰਨੀ ਮੰਗ ਹੁੰਦੀ ਹੋਵੇਗੀ, ਇਸਦਾ ਅੰਦਾਜ਼ਾ ਲਾਇਆ ਜਾ ਸਕਦੈ। ਜਿੱਥੇ ਇਹ ਜਾਂਦੇ, ਜੇਕਰ ਉੱਥੇ ਪਹਿਲਾਂ ਕੋਈ ਤਾਲਾਬ ਨਹੀਂ ਸੀ ਹੁੰਦਾ ਤਾਂ ਉੱਥੇ ਇਹ ਤਾਲਾਬ ਜਾਂ ਖੂਹ ਬਣਾਉਣਾ ਆਪਣਾ ਫ਼ਰਜ਼ ਸਮਝਦੇ ਸਨ। ਮੱਧ-ਪ੍ਰਦੇਸ਼ ਦੇ ਸਾਗਰ ਨਾਂ ਦੇ ਸਥਾਨ ਉੱਤੇ ਬਣਿਆ ਬੇਹੱਦ ਸੁੰਦਰ ਤਾਲਾਬ ਅਜਿਹੇ ਹੀ ਕਿਸੇ ਲੱਖੀ ਬੰਜਾਰੇ ਨੇ ਬਣਵਾਇਆ ਸੀ। ਰਾਮਪੁਰਾ ਫੂਲ ਸਮੇਤ ਸਮੁੱਚੇ ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਲੱਖੀ ਵਣਜਾਰਿਆਂ ਵੱਲੋਂ ਬਣਾਏ ਖੂਹ ਅਤੇ ਤਾਲਾਬ ਮਿਲਦੇ ਹਨ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਪਿੰਡਾਂ ਵਿੱਚ ਲੋਕ ਆਪਣੇ ਤਾਲਾਬ ਨੂੰ ਕਿਸੇ ਲਾਖੇ ਬੰਜਾਰੇ ਨਾਲ ਜੋੜ ਕੇ ਯਾਦ ਕਰਦੇ ਹਨ। ਅਜਿਹੇ ਬੇਨਾਮ ਲਾਖੇ ਬੰਜਾਰਿਆਂ ਦੇ ਹੱਥਾਂ ਨਾਲ ਬਣੇ ਨਾਮੀ ਤਾਲਾਬਾਂ ਦੀ ਲੰਮੀ ਸੂਚੀ ਵਿੱਚ ਕਈ ਦੇਸ਼ਾਂ ਦੇ ਨਾਂ ਸਮਾ ਜਾਣਗੇ।

48
ਅੱਜ ਵੀ ਖਰੇ ਹਨ
ਤਾਲਾਬ