ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਦੀ ਪਰਜਾ

15

ਉਡਾਨ ਦੀ ਵੱਧਦੀ ਗਤੀ ਅਤੇ ਬੀਤਦੇ ਸਮੇਂ ਨੇ ਸਭ ਨੂੰ ਦੋਚਿੱਤੀ ਵਿਚ ਪਾ ਦਿੱਤਾ।

ਗਤੀ ਨੇ ਮੋਹਰੀ ਨੂੰ ਲੁਕਾਅ ਲਿਆ ਸੀ। ਹੁਣ ਹਰ ਕੋਈ ਆਗੂ ਦਿਸ ਰਿਹਾ ਸੀ।

ਤਦੇ ਉਸ ਝੁੰਡ ਵਿਚੋਂ ਮੋਹਰੀ ਕਬੂਤਰ ਰਾਜੇ ਦੇ ਸਿਰ ਪਾਏ ਤਾਜ ਉੱਪਰ ਜਾ ਬੈਠਾ। ਤੇਜ਼ ਗਤੀ ਵਿਚ ਉੱਡਦੇ ਰਹਿਣ ਕਾਰਨ ਉਸ ਦੀ ਛਾਤੀ ਜਲਦੀ-ਜਲਦੀ ਉੱਤੇ-ਥੈੱਲੇ ਹੋ ਰਹੀ ਸੀ। ਉਸ ਨੇ ਪੈਰਾਂ ਭਾਰ ਆਪਣੀ ਦੇਹ ਨੂੰ ਸਹੀ ਤਰ੍ਹਾਂ ਟਿਕਾਇਆ ਅਤੇ ਗਰਦਨ ਨੂੰ ਘੁੰਮਾ ਕੇ ਚੁਫ਼ੇਰੇ ਦੇਖਿਆ।

ਉਥੇ ਬੈਠਾ-ਬੈਠਾ ਉਹ ਥੋੜ੍ਹਾ ਚਿਰ ਗੁਟਕਿਆ। ਫੇਰ ਆਪਣਾ ਪਿਛਲਾ ਹਿੱਸਾ ਨੀਵਾਂ ਕਰ ਕੇ ਰਾਜੇ ਦਾ ਸਿਰ ਬਿੱਠ ਨਾਲ ਭਰ ਦਿੱਤਾ।

ਉਸ ਦੇ ਸਾਥੀ ਕਬੂਤਰ ਉਸੇ ਗਤੀ ਵਿਚ ਅਸਮਾਨ ਵਿਚ ਉੱਡਦੇ ਰਹੇ। ਉਹ ਆਪਣੇ ਸਾਥੀ ਕਬੂਤਰ ਦੀ ਹਿੰਮਤ ਦੀ ਖੁਸ਼ੀ ਵਿਚ ਏਦਾਂ ਕਰ ਰਹੇ ਸਨ ਜਾਂ ਸੁਭਾਅ ਕਾਰਨ, ਕੁਝ ਕਿਹਾ ਨਹੀਂ ਜਾ ਸਕਦਾ।

ਕਬੂਤਰ ਦੀ ਇਸ ਹਰਕਤ ਨੂੰ ਥੱਲੇ ਬੈਠੇ ਕਈ ਕਬੂਤਰਾਂ ਨੇ ਦੇਖਿਆ। ਗਿਣਤੀ ਵਿਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਉਸਦਾ ਕੁਝ ਨਾ ਵਿਗਾੜ ਸਕੇ।

ਰਾਜੇ ਦੇ ਸਿਰੋਂ ਉੱਡ ਉਹ ਕਬੂਤਰ ਆਪਣੇ ਉਡਦੇ ਸਾਥੀਆਂ ਨਾਲ ਮੁੜ ਜਾ ਰਲਿਆ।

ਝੁੰਡ ਹੁਣ ਹੋਰ ਤੇਜ਼ੀ ਨਾਲ ਚੱਕਰ ਕੱਟ ਰਿਹਾ ਸੀ।

ਚੱਕਰ ਕੱਟਦੇ ਕਬੂਤਰਾਂ ਵਿਚੋਂ ਇਕ ਕਬੂਤਰ ਅਲੱਗ ਹੋ ਕੇ ਜਦ ਜ਼ਮੀਨ ਵੱਲ ਵਧਿਆ ਤਾਂ ਦੂਜਿਆਂ ਨੇ ਵੀ ਉਹਦੀ ਰੀਸ ਕੀਤੀ। ਜਿਸ ਨੂੰ ਜਿੱਥੇ ਥਾਂ ਮਿਲੀ ਉਹ ਉਥੇ ਜਾ ਬੈਠਾ।

ਪੂਰਾ ਕਬੂਤਰ ਸਮੂਹ ਦੋ ਗੁੱਟਾਂ ਵਿਚ ਵੰਡਿਆ ਗਿਆ।

ਦੋਹਾਂ ਧਿਰਾਂ ਦੇ ਕਬੂਤਰ ਹੁਣ ਆਮ੍ਹਣੇ-ਸਾਹਮਣੇ ਸਨ। ਹਰ ਕੋਈ ਇਕ ਦੂਜੇ ਦੇ ਚਿਹਰੇ ਦੀ ਨਿਸ਼ਾਨਦੇਈ ਕਰ ਰਿਹਾ ਸੀ।

ਦੇਖਣ ਵਾਲੇ ਨੂੰ ਲੱਗ ਰਿਹਾ ਸੀ ਜਿਵੇਂ ਘੋੜ ਸਵਾਰ ਰਾਜਾ ਅੰਦਰੋ-ਐਦਰ ਮੁਸਕਰਾ ਰਿਹਾ ਹੈ।