ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

54

ਅੱਧੀ ਚੁੰਝ ਵਾਲੀ ਚਿੜੀ

"ਚਲੋ, ਮੇਰੇ ਨਾਲ। ਛੇਤੀ ਚਲੋ... ਜਲਦੀ ਕਰੋ ਨਾ..." ਉਹ ਮੈਨੂੰ ਬਾਹੋਂ ਫੜ ਖਿੱਚ ਰਿਹਾ ਸੀ।

"ਕੁਝ ਦੱਸੇਗਾ ਵੀ..."

ਪਰ ਉਹ ਮੈਨੂੰ ਕੁਝ ਵੀ ਦੱਸਣ ਤੋਂ ਇਨਕਾਰੀ ਸੀ।

ਉਹ ਮੈਨੂੰ ਖਿੱਚਦਾ ਹੋਇਆ ਪਾਰਕ ਦੀ ਇਕ ਨੁੱਕਰ ਵਿਚ ਲੈ ਗਿਆ।

"ਆ ਦੇਖੋ... ਕੀ ਹੋ ਗਿਆ ਏ..." ਉਸ ਨੇ ਆਪਣੇ ਹੱਥ ਨਾਲ ਗੁਲਾਬ ਦੇ ਬੂਟੇ ਵੱਲ ਇਸ਼ਾਰਾ ਕਰਦਿਆਂ ਕਿਹਾ।

"ਕੀ ਹੋਇਆ...? ਫੇਰ..." ਮੈਂ ਢਿੱਲੇ ਬੋਲ ਵਿਚ ਕਿਹਾ।

"ਇਹ ਕਿਸੇ ਨੇ ਪੁੱਟ ਦਿੱਤਾ ਏ। ਦੇਖੋ, ਧਿਆਨ ਨਾਲ ਦੇਖੋ... ਇਹ ਤੜਫ ਰਿਹਾ ਏ।"

ਫਿਰ ਜ਼ਿੱਦ ਕਰਦਿਆਂ ਬੋਲਿਆ, "ਪਾਪਾ ਇਸ ਨੂੰ ਘਰ ਲੈ ਚਲੋ।"

ਉਸ ਦੇ ਇਹਨਾਂ ਸ਼ਬਦਾਂ ਵਿਚ ਬਹੁਤ ਕੁਝ ਮਿਲਿਆ ਹੋਇਆ ਲੱਗ ਰਿਹਾ ਸੀ।

"ਹੋ ਸਕਦਾ, ਕਿਸੇ ਮਾਲੀ ਨੇ ਇਸ ਨੂੰ ਇਥੇ ਰੱਖ ਦਿੱਤਾ ਹੋਵੇ..." ਮੈਂ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ।

"ਨਹੀਂ..., ਪਾਪਾ ਨਹੀਂ। ਇਸ ਨੂੰ ਘਰ ਲੈ ਚਲੋ।" ਉਸ ਨੇ ਗੁਲਾਬ ਦਾ ਬੂਟਾ ਹੱਥ ਵਿਚ ਫੜਦਿਆਂ ਹੋਇਆਂ ਕਿਹਾ ਅਤੇ ਮੇਰੇ ਅੱਗੇ-ਅੱਗੇ ਤੇਜ਼ੀ ਨਾਲ ਘਰ ਵੱਲ ਤੁਰਨ ਲੱਗਾ।

ਤੁਰਦਿਆਂ ਹੋਇਆਂ ਉਹ ਬੋਲੀ ਜਾ ਰਿਹਾ ਸੀ, "ਇਸ ਨੂੰ ਲਿਜਾ ਕੇ ਗਮਲੇ ਵਿਚ ਲਾ ਲਵਾਂਗੇ। ਪਾਪਾ... ਕਿਤੇ ਇਹ ਵੀ ਕਬੂਤਰ ਵਾਂਗ ਤੜਫ-ਤੜਫ ਕੇ ਨਾ ਮਰ ਜਾਵੇ।"

ਗਗਨ ਦੇ ਇਹਨਾਂ ਸ਼ਬਦਾਂ ਵਿਚੋਂ ਮੈਨੂੰ ਪਹਿਲਾਂ ਹੋ ਚੁੱਕੀ ਕਬੂਤਰ ਦੀ ਮੌਤ ਦਾ ਅਕਸ ਝਾਤੀ ਮਾਰਦਾ ਦਿਖਾਈ ਦੇ ਰਿਹਾ ਸੀ।