ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਕਸ

53

ਦੋ ਬੂੰਦਾਂ ਹੋਰ ਉਸ ਦੇ ਮੂੰਹ ਵਿਚ ਪਾਉਣ ਦਾ ਜਤਨ ਕੀਤਾ। ਪਰ ਉਸ ਦੀ ਗਰਦਨ ਇਕ ਪਾਸੇ ਨੂੰ ਲਮਕ ਗਈ।

ਜਦ ਤਕ ਗਗਨ ਮਲ੍ਹਮ ਦੀ ਡੱਬੀ ਲੈ ਕੇ ਆਇਆ, ਮੈਂ ਕਬੂਤਰ ਨੂੰ ਰੁਮਾਲ ਵਿਚ ਲਪੇਟ ਕੇ ਇਕ ਨੁੱਕਰ ਵਿਚ ਰੱਖ ਦਿੱਤਾ।

"ਪਾਪਾ, ਕਬੂਤਰ ਕਿੱਥੇ ਏ?", ਮੈਨੂੰ ਦਰਵਾਜ਼ੇ ਵਿਚ ਖੜ੍ਹਾ ਦੇਖ ਗਗਨ ਨੇ ਪੁੱਛਿਆ।

"ਕੀ ਉਹ ਉੱਡ ਗਿਆ ਏ?"

"ਹਾਂ, ਉੱਡ ਗਿਆ ਏ... ?" ਮੈਂ ਥੋੜ੍ਹਾ ਉਦਾਸ ਹੋ ਕੇ ਕਿਹਾ ਸੀ।

"ਮੈਂ ਤਾਂ ਉਹਦੇ ਮਲ੍ਹਮ ਲਾਉਣੀ ਸੀ," ਗਗਨ ਹਮਦਰਦੀ ਦੀ ਤਹਿ ਵਿਚੋਂ ਡੁਸਕਣ ਲੱਗਾ।

"ਕੀ ਉਹ ਮੁੜ ਆਵੇਗਾ... ਕਦ ਆਵੇਗਾ," ਉਸ ਨੇ ਆਪਣੀ ਗੱਲ ਜਾਰੀ ਰੱਖੀ।

"ਨਹੀ... ਉਹ ਹੁਣ ਨਹੀਂ ਆਵੇਗਾ। ਉਹ ਹੁਣ ਨਹੀਂ ਆ ਸਕਦਾ। ਗਗਨ, ਕਬੂਤਰ ਮਰ ਗਿਆ ਹੈ..." ਮੈਂ ਇਹ ਸ਼ਬਦ ਉਸ ਨੂੰ ਕਲਾਵੇ ਵਿਚ ਲੈਂਦਿਆਂ ਕਹੇ।

ਉਹ ਮੇਰੇ ਹੋਰ ਨੇੜੇ ਹੋ ਗਿਆ। ਉਸ ਦੇ ਸਾਹ ਹੋਰ ਗਰਮ ਅਤੇ ਤੇਜ਼ ਹੁੰਦੇ ਜਾ ਰਹੇ ਸਨ।

ਇਕ, ਦੋ ਦਿਨ ਅਤੇ ਕੁਝ ਹੋਰ ਦਿਨ ਉਹ ਕਬੂਤਰ ਬਾਰੇ, ਦੂਜੇ ਪੰਛੀਆਂ ਬਾਰੇ, ਮੌਤ ਬਾਰੇ, ਜੀਵਨ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਰਿਹਾ। ਫਿਰ ਹੌਲੀ ਹੌਲੀ ਇਹ ਗੱਲਾਂ ਫਿੱਕੀਆਂ ਪੈ ਗਈਆਂ।

ਕੁਝ ਦਿਨਾਂ ਬਾਅਦ ਇਕ ਸ਼ਾਮ ਉਹ ਨੱਠਾ-ਨੱਠਾ ਘਰ ਆਇਆ। ਉਹ ਖਾਲੀ ਹੱਥ ਸੀ। ਘਰ ਵੜਦਿਆਂ ਹੀ ਉਸ ਨੇ ਉੱਚੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ, "ਪਾਪਾ... ਪਾਪਾ ਕਿੱਥੇ ਓ...?"

ਹੱਥ ਵਿਚ ਫੜੀ ਕਿਤਾਬ ਨੂੰ ਇਕ ਪਾਸੇ ਰੱਖਦਿਆਂ ਮੈਂ ਸੋਚਿਆ ਜ਼ਰੂਰ ਕਿਸੇ ਨਾਲ ਲੜ-ਝਗੜ ਕੇ ਆਇਆ ਹੈ। ਪਹਿਲਾਂ ਵੀ ਦੋ ਕੁ ਵਾਰ ਇੰਜ ਹੋ ਚੁੱਕਾ ਹੈ। ਪਰ ਉਹ ਖਾਲੀ ਹੱਥੀ ਕਦੇ ਨਹੀਂ ਆਇਆ ਸੀ।

ਜਦ ਮੇਰੇ ਕੋਲ ਪਹੁੰਚਿਆ ਤਾਂ ਉਹ ਸਾਹੋ-ਸਾਹੀ ਸੀ।

ਮੈਂ ਆਰਾਮ ਨਾਲ ਉਹਦੀ ਪਿੱਠ ਉੱਪਰ ਹੱਥ ਫੇਰਦਿਆਂ ਉਹਦੇ ਕੋਲੋਂ ਪੂਰਾ ਵੇਰਵਾ ਜਾਣਨਾ ਚਾਹਿਆ, "ਕੀ ਗੱਲ ਹੋਈ ਏ... ?"