ਪੰਨਾ:ਆਂਢ ਗਵਾਂਢੋਂ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਲੇ ਸਮੁੰਦਰ ਦੀ ਅਮੁੱਕ ਸਤਹ ਤੇ ਉਸ ਦੀਆਂ ਨਜ਼ਰਾਂ ਗੱਡੀਆਂ ਹੋਈਆਂ ਸਨ। ਚੜ੍ਹਦੀ ਜਵਾਨੀ ਤੇ ਜੋਬਨ ਦੀਆਂ ਫੁਟੀਆਂ ਰਿਸ਼ਮਾਂ ਵਾਂਗ ਸਮੰਦਰ ਦੇ ਪੇਟ ਵਿਚੋਂ ਉਠ ਕੇ ਕਿਨਾਰੇ ਵਲ ਵਧੀਆਂ ਲਹਿਰਾਂ ਫੇਰ ਪਛਾੜ ਖਾ ਕੇ ਮੁੜਦੀਆਂ, ਕਿਸੇ ਸੰਗੀਤ ਦੀ ਸੂਰ ਪੈਦਾ ਕਰਦੀਆਂ ਤੇ ਦੂਰ ਤਕ ਫੈਲੇ ਹੋਏ ਸਮੁੰਦਰ ਦੇ ਪੇਟ ਵਿਚ ਹੀ ਗੁੰਮ ਹੋ ਜਾਣ ਦਾ ਨਿਸਫ਼ਲ ਯਤਨ ਕਰਦੀਆਂ ਲਹਿਰਾਂ ਤੇ ਤੁਰੰਗਾਂ ਨੂੰ ਜਿਵੇਂ ਉਹ ਗਿਣਨ ਦਾ ਯਤਨ ਕਰ ਰਹੀ ਸੀ-ਉਨ੍ਹਾਂ ਲਹਿਰਾਂ ਨਾਲ - ਜਿਸ ਤਰ੍ਹਾਂ ਉਸਦੀ ਯੁਗਾਂ ਦੀ ਸਦੈਵ ਮਿੱਤ੍ਰਤਾ ਹੈ। ਸਮੁੰਦਰ ਦੇ ਵਿਸ਼ਾਲ ਪੇਟੇ ਵਿਚ ਲੁਕਿਆ ਕੋਈ ਉਸ ਨੂੰ ਇਨ੍ਹਾਂ ਲਹਿਰਾਂ ਰਾਹੀਂ ਸ਼ਾਇਦ ਗੁੜੇ. ਸੰਦੇਸੇ ਘਲ ਰਿਹਾ ਸੀ। ਇਸ ਤਰਾਂ ਉਹ ਟਿਕ-ਟਿਕੀ ਲਾਈ ਵੇਖਦੀ ਰਹਿੰਦੀ ਹੈ। ਕਲ੍ਹ ਹੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਇਕ ਅਸਚਰਜ ਗੱਲ ਦਸੀ ਸੀ।

'ਰੂਪਾਂ! ਉਥੇ, ਜਿਥੇ ਉਹ ਤਰੰਗਾਂ ਕੁਝ ਮੁੜਦੀਆਂ ਹੋਈਆਂ ਦਿਸਦੀਆਂ ਹਨ, ਤੇਰੀ ਮਾਂ ਡੁਬੀ ਸੀ। ਉਸ ਵੇਲੇ ਤੇਰੀ ਉਮਰ ਕੋਈ ਡੇਢ ਸਾਲ ਸੀ। ਤੇਰੀ ਨਾਨੀ ਵੀ ਤੇਰੀ ਮਾਂ ਨੂੰ ਡੇਢ ਵਰ੍ਹੇ ਦਾ ਛਡ ਕੇ ਏਸੇ ਤਰਾਂ, ਏਸੇ ਥਾਂ ਡੁਬੀ ਸੀ। ਤੇਰੀ ਮਾਂ,ਤੇਰੀ ਨਾਨੀ ਦੀ ਮਾਂ ਸਾਰੀਆਂ ਪੀੜ੍ਹੀ-ਦਰ-ਪੀੜ੍ਹੀ ਏਸੇ ਤਰਾਂ ਮੋਈਆਂ ਨੇ। ਮੈਂ ਤੈਨੂੰ ਖ਼ਬਰਦਾਰ ਕਰਦਾ ਵਾਂ, ਧੀਏ! ਪਾਣੀ ਵਾਲੀ ਦੋਸਤੀ ਚੰਗੀ ਨਹੀਂ, ਛਡ ਦੇ ਏਸ ਦੀ ਮਿੱਤ੍ਰਤਾ ਨੂੰ!'

-੧੦੬-