ਪੰਨਾ:ਆਕਾਸ਼ ਉਡਾਰੀ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅਮੋਲਕ ਫੁੱਲਾਂ ਦਾ ਹਾਰ



ਸਰਦਾਰ ਹਰਬਖ਼ਸ਼ ਸਿੰਘ ਚਢਾ ਨੂੰ ਨੜਾਲੀ (ਰਾਵਲਪਿੰਡੀ)
ਵਿਖੇ ੧੫- ੬- ੩੧


ਸਿਕ ਸਿਕ ਸਿੱਕਾਂ ਭੈਣਾਂ, ਸੱਧਰਾਂ ਮੁਰਾਦਾਂ ਨਾਲ,
ਵੀਰਾਂ ਦੇ ਬਣਾਣ ਸੇਹਰੇ ਚਾਵਾਂ ਤੇ ਮਲ੍ਹਾਰਾਂ ਨਾਲ।
ਇਕ ਇਕ ਲੜੀ 'ਚ ਪ੍ਰੋਂਦੀਆਂ ਨੇ ਫੁੱਲ ਲਖਾਂ,
ਖ਼ੂਬ ਲਿਸ਼ਕਾਂਦੀਆਂ ਨੇ ਲਾਲਾਂ ਤੇ ਜਵਾਹਰਾਂ ਨਾਲ।
ਹੱਦੋਂ ਵੱਧ ਸੋਹਣਾ ਸੇਹਰਾ ਸੋਹਣੇ ਸੋਹਣੇ ਵੀਰਾਂ ਲਈ,
ਗੁੰਦ ਕੇ ਬਣਾਂਦੀਆਂ ਨੇ ਤਿੱਲੇ ਦੀਆਂ ਤਾਰਾਂ ਨਾਲ।
ਡਾਢੀ ਖ਼ੁਸ਼ੀ ਨਾਲ, ਸੀਸ ਵੀਰਾਂ ਦੇ ਸਜਾਂਦੀਆਂ ਨੇ,
ਖ਼ੁਸ਼ੀ ਨੂੰ ਵੰਡਾਂਦੀਆਂ ਨੇ ਲਾਡਾਂ ਤੇ ਪਿਆਰਾਂ ਨਾਲ।

ਮੈਂ ਵੀ, ਪਿਆਰ ਨਾਲ ਕਜ ਦੇਸਾਂ, ਹੁਣੇ ਵੇਖੀਂ,
ਵੀਰਾ ਤੇਰਾ ਸੀਸ ਸੋਹਣੇ ਫੁੱਲਾਂ ਦਿਆਂ ਹਾਰਾਂ ਨਾਲ।
ਮਹਿਕ ਨਾਲ ਮਹਿਕਸੀ ਫੁੱਲਾਂ ਦੀ ਪਰਵਾਰ ਸਾਰਾ,
ਜਾਣੂੰ ਮੈਂ ਕਰਾਸਾਂ ਤੈਨੂੰ ਡੂੰਘੀਆਂ ਵਿਚਾਰਾਂ ਨਾਲ।
ਕਲਜੁਗ ਵਿਚ ਸਤਿਜੁਗ ਵਰਤਾਵੇਂ ਜੀਵੇਂ,
ਜੀਵਨ ਬਤੀਤ ਕਰੇਂ ਮੌਜਾਂ ਤੇ ਬਹਾਰਾਂ ਨਾਲ।
ਸਾਰਿਆਂ ਤੋਂ ਵੱਡੀ ਗੱਲ, ਆਖੀ ਜੋ ਸਿਆਣਿਆਂ ਨੇ,
ਮਿੱਠਾ ਮਿੱਠਾ ਬੋਲੀਂ ਵੀਰ ਸਾਰੇ ਸਾਕੇਦਾਰਾਂ ਨਾਲ।

੧੨੩.