ਪੰਨਾ:ਆਕਾਸ਼ ਉਡਾਰੀ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨ-ਪੱਤਰ

ਥੋਹਾ ਖ਼ਾਲਸਾ (ਰਾਵਲਪਿੰਡੀ) ਦੇ ਸਕੂਲ ਦੀ ਬੁਨਿਆਦ ਰਖਣ
ਸਮੇਂ ਸਰਦਾਰ ਬਿਕਰਮ ਸਿੰਘ ਜੀ ਨੂੰ ੧-੩-੩੧

ਲੋਕੀ ਕਹਿਣ ਬੁਨਿਆਦ ਦਾ ਪੱਥਰ ਹੈ ਇਹ,
ਮੈਂ ਤਾਂ ਆਖਾਂਗਾ ਨੂਰੀ ਚਟਾਨ ਹੈ ਇਹ।
ਸਾਡੇ ਬਚਿਆਂ ਨੂੰ ਚਾਨਣ ਦੇਣ ਵਾਲਾ,
ਬਿਕਰਮ ਸਿੰਘ ਦਾ ਬਿਕਰਮ ਨਿਸ਼ਾਨ ਹੈ ਇਹ।
ਜੁਗਾਂ ਤੀਕ ਇਹ ਸਾਡਿਆਂ ਸਿਰਾਂ ਉਤੇ
ਮਿਹਰਬਾਨ ਅਫ਼ਸਰ ਦਾ ਅਹਿਸਾਨ ਹੈ ਇਹ।
ਚਮਕਾਂ ਮਾਰਦਾ ਚੰਨ ਸਮਾਨ ਪੱਥਰ,
ਚੌਣੀ ਸਾਡੇ ਸਕੂਲ ਦੀ ਸ਼ਾਨ ਹੈ ਇਹ।

ਰਖਣ ਵਾਲਿਆ, ਧੰਨ ਨੇ ਹਥ ਤੇਰੇ,
ਨੇਕ-ਕੰਧ ਦੀ ਜਿਸ ਬੁਨਿਆਦ ਰੱਖੀ।
ਹਬ ਮਲ ਪਛਤਾਣਗੇ ਲੋਕ ਮੂਰਖ,
ਜਿਨ੍ਹਾਂ ਨੇਕੀ ਇਹ ਤੇਰੀ ਨ ਯਾਦ ਰੱਖੀ।

ਆਏ ਜਦ ਤੋਂ ਤੁਸੀਂ ਹੋ ਜ਼ਿਲੇ ਅੰਦਰ,
ਆਸਾਂ ਨਾਲ ਸਨ ਦਿਲ ਭਰਪੂਰ ਹੋ ਗਏ।
ਵਿਦਿਆ ਲਾਜ਼ਮੀ ਤੁਸਾਂ ਕਰਾਈ ਆ ਕੇ,
ਲੋਕੀ ਪੜ੍ਹ ਪੜ੍ਹ ਕੇ ਨੂਰ ਨੂਰ ਹੋ ਗਏ।

੧੨੯.