ਪੰਨਾ:ਆਕਾਸ਼ ਉਡਾਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਕੋਸ਼ਿਸ਼ ਮੁਬਾਰਕ ਦੇ ਨਾਲ ਲਖਾਂ,
ਪਿੰਡਾਂ ਵਿਚ ਸਕੂਲ ਮਨਜ਼ੂਰ ਹੋ ਗਏ।
ਤੇਰੇ ਪਰਉਪਕਾਰ ਦੇ ਕਾਰਨਾਮੇ,
ਥੋੜੇ ਸਮੇਂ ਦੇ ਵਿਚ ਮਸ਼ਹੂਰ ਹੋ ਗਏ।

ਜਗ੍ਹਾ ਜਗ੍ਹਾ ਇਹੋ ਚਰਚਾ ਹੋਣ ਲਗ ਪਈ,
ਸਾਡੇ ਜ਼ਿਲੇ ਦਾ ਹੈ ਵਿਦਵਾਨ ਹਾਕਮ।
ਅਜੇ ਤੀਕ ਨ ਅਸਾਂ ਨੇ ਵੇਖਿਆ ਸੀ,
ਬਿਕਰਮ ਸਿੰਘ ਵਰਗਾ ਮਿਹਰਬਾਨ ਹਾਕਮ।


ਸਾਡੇ ਪਿੰਡ ਦੇ ਵਿਦਿਆ ਦੇ ਬਾਗ਼ ਸੁਕੇ,
ਅਜ ਤੁਸਾਂ ਦੀ ਆਮਦ ਤੇ ਹਰੇ ਹੋ ਗਏ।
ਸੁਕੇ ਸਦੀਆਂ ਤੋਂ ਸਾਡੇ ਨਸੀਬ ਖੋਟੋ,
ਤੇਰੀ ਮਿਹਰਬਾਨੀ ਨਾਲ ਖਰੇ ਹੋ ਗਏ।
ਹੈਸਨ ਵਿਦਿਆ ਦੇ ਜਿਹੜੇ ਖ਼ਜ਼ਾਨੇ ਖ਼ਾਲੀ,
ਓਹ ਭੀ ਤੇਰੇ ਤੁਫ਼ੈਲ ਅਜ ਭਰੇ ਹੋ ਗਏ।
ਮਾਨੋਂ ਚੰਨ ਤਹਿਜ਼ੀਬ ਦਾ ਚੜ੍ਹਨ ਉੱਤੇ,
ਭੈੜੇ ਭੂਤ ਜਹਾਲਤ ਦੇ ਪਰੇ ਹੋ ਗਏ।


ਤੇਰੇ ਹੱਥ ਨੇ ਪਾਰਸ ਸਮਾਨ ਸੋਹਣੇ,
ਪੱਥਰ ਛੋਂਹਦਿਆਂ ਸੋਨੇ ਦੀ ਪੜੀ ਹੋ ਗਈ।
ਬੈਠੀ ਕਿਸਮਤ ਸਕੂਲ ਦੀ ਖੜੀ ਹੋ ਗਈ,
ਕੱੜੀ ਕੱੜੀ ਸਕੂਲ ਦੀ ਕੜੀ ਹੋ ਗਈ।

੧੩੦.