ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬਰਕਤ ਫ਼ਰਮਾਏ, ਤੁਸੀਂ ਵਲੀਮਾ (ਸ਼ਾਦੀ ਉਪਰੰਤ ਸਾਕ ਸਬੰਧੀਆਂ ਅਤੇ ਦੋਸਤਾਂ ਨੂੰ ਬਗ਼ੈਰ ਕਿਸੇ ਸ਼ਗਨ ਅਤੇ ਲਾਲਚ ਦੇ ਦਿੱਤਾ ਜਾਣ ਵਾਲਾ ਭੋਜਨ) ਕਰੋ ਭਾਵੇਂ ਇਕ ਬਕਰੀ ਦੇ ਨਾਲ ਹੋਵੇ।

(ਮੁਤਫ਼ਿਕ ਅਲੈਹਿ)

ਹਜ਼ਰਤ ਅਨਸ (ਰਜ਼ੀ.) ਫ਼ਰਮਾਉਂਦੇ ਹਨ ਕਿ ਮਦੀਨਾ ਅਤੇ ਖ਼ੈਬਰ ਦੇ ਵਿਚਕਾਰ ਹਜ਼ੂਰ (ਸ.) ਤਿੰਨ ਰਾਤਾਂ ਠਹਿਰੇ। ਉਸ ਥਾਂ ਮੋਮਿਨਾਂ ਦੀ ਮਾਂ ਹਜ਼ਰਤ ਸਫ਼ੀਆ ਨਾਲ ਸ਼ਾਦੀ ਹੋਈ। ਫਿਰ ਮੈਂ ਮੁਸਲਮਾਨਾਂ ਨੂੰ ਉਸ ਦੇ ਵਲੀਮਾ ਦੀ ਦਾਅਵਤ ਦਿੱਤੀ। ਦੋਵੇਂ ਜਹਾਨਾਂ ਦੇ ਬਾਦਸ਼ਾਹ ਨੇ ਆਪਣੇ ਇਸ ਕਲੀਮੇ 'ਚ ਨਾ ਰੋਟੀ ਦਾ ਇੰਤਜ਼ਾਮ ਫ਼ਰਮਾਇਆ ਅਤੇ ਨਾ ਗੋਸ਼ਤ ਖਾਣ ਨੂੰ ਦਿੱਤਾ ਬਲਕਿ ਚਮੜੇ ਦਾ ਇਕ ਦਸਤਰਖ਼ਾਨ ਵਿਛਾਉਣ ਦਾ ਹੁਕਮ ਫ਼ਰਮਾਇਆ। ਇਰਸ਼ਾਦ ਅਨੁਸਾਰ ਦਸਤਰਖ਼ਾਨ ਵਿਛਾਇਆ ਗਿਆ, ਇਸ 'ਤੇ ਕੁਝ ਖਜੂਰਾਂ, ਕੁਝ ਪਨੀਰ ਦੇ ਟੁਕੜੇ ਅਤੇ ਘੀ ਰੱਖ ਦਿਤਾ ਗਿਆ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ।

ਹਜ਼ੂਰ (ਸ.) ਆਪਣੀਆਂ ਪਤਨੀਆਂ ਨੂੰ ਹਰੇਕ ਤਰ੍ਹਾਂ ਦੀ ਚੀਜ਼ ਬਰਾਬਰ ਵੰਡਦੇ ਸਨ ਅਤੇ ਇਸ ਵਿਚ ਹਰੇਕ ਪ੍ਰਕਾਰ ਦੀ ਬਰਾਬਰੀ ਫ਼ਰਮਾਉਂਦੇ।ਰਤਾ ਭਰ ਘਾਟ-ਵਾਧ ਨਹੀਂ ਫ਼ਰਮਾਉਂਦੇ ਸਨ। ਇਸ ਦੇ ਬਾਵਜੂਦ ਇਹ ਫ਼ਰਮਾਉਂਦੇ, ਜੋ ਅੱਲਾਹ! ਜਿੰਨੀ ਮੇਰੇ ਅੰਦਰ ਤਾਕਤ ਸੀ ਮੈਂ ਆਪਣੀਆਂ ਪਤਨੀਆਂ ਵਿਚਕਾਰ ਬਰਾਬਰ ਵੰਡੀ ਅਤੇ ਜਿਹੜੀ ਮੇਰੇ ਕਬਜ਼ੇ ਵਿਚ ਨਹੀਂ ਉਸ ਦਾ ਤੂੰ ਮਾਲਿਕ ਹੈ। (ਤਿਰਮਜ਼ੀ, ਨਿਸਾਈ ਅਤੇ ਇਬਨ-ਏ-ਮਾਜਾ)

ਹਜ਼ੂਰ (ਸ.) ਨੇ ਫ਼ਰਮਾਇਆ ਕਿ ਜਿਸ ਦੀਆਂ ਦੋ ਜ਼ਨਾਨੀਆਂ ਹੋਣ ਅਤੇ ਉਹਨਾਂ ਦੇ ਵਿਚਕਾਰ ਇਨਸਾਫ਼ ਨਾ ਕਰੇ ਤਾਂ ਉਹ ਕਿਆਮਤ ਵਾਲੇ ਦਿਨ ਇਸ ਹਾਲਤ ਵਿਚ ਆਵੇਗਾ ਕਿ ਉਸ ਦੀ ਅੱਧੀ ਧੜ ਡਿਗੀ ਹੋਈ ਹੋਵੇਗੀ ਭਾਵ ਅਧਰੰਗ ਹੋਇਆ ਹੋਵੇਗਾ।

ਹਜ਼ਰਤ ਆਇਸ਼ਾ (ਰਜ਼ੀ.) ਫ਼ਰਮਾਉਂਦੀਆਂ ਹਨ ਕਿ ਆਪ (ਸ.) ਨੇ ਇਰਸ਼ਾਦ ਫ਼ਰਮਾਇਆ ਕਿ ਈਮਾਨ ਵਿਚ ਸਭ ਤੋਂ ਮੁਕੰਮਲ ਉਹ ਆਦਮੀ ਹੈ ਜਿਸ ਦੀਆਂ ਆਦਤਾਂ ਸਭ ਤੋਂ ਚੰਗੀਆਂ ਹੋਣ ਅਤੇ ਉਹ ਆਪਣੀ ਪਤਨੀ ਨਾਲ (ਸਭ ਤੋਂ ਜ਼ਿਆਦਾ) ਚੰਗਾ ਸਲੂਕ ਕਰਨ ਵਾਲਾ ਹੋਵੇ।

ਹਜ਼ਰਤ ਮੁਆਜ਼ ਬਿਨ ਜਬਲ ਫ਼ਰਮਾਉਂਦੇ ਹਨ ਕਿ ਮੈਨੂੰ ਹਜ਼ੂਰ (ਸ.) ਨੇ ਇਰਸ਼ਾਦ ਫ਼ਰਮਾਇਆ, ਐ ਮੁਆਜ਼! ਰੱਬ ਦੇ ਨਜ਼ਦੀਕ ਕੁੱਲ ਦੁਨੀਆ ਵਿਚ ਗ਼ੁਲਾਮ ਨੂੰ ਆਜ਼ਾਦ ਕਰਨ ਤੋਂ ਜ਼ਿਆਦਾ ਕੋਈ ਚੀਜ਼ ਪਿਆਰੀ ਨਹੀਂ ਅਤੇ ਰੱਬ ਦੇ ਨਜ਼ਦੀਕ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੰਦੀ ਅਤੇ ਭੈੜੀ ਚੀਜ਼ ਤਲਾਕ ਹੈ।

(ਮਿਸ਼ਕਾਤ)

100-ਇਸਲਾਮ ਵਿਚ ਔਰਤ ਦਾ ਸਥਾਨ