ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੌਹੀਦ

ਤੌਹੀਦ ਇਸਲਾਮ ਦੀ ਨੀਂਹ ਅਤੇ ਦਰਵਾਜ਼ਾ ਹੈ। ਕਲਮਾ ਪੜ੍ਹ ਕੇ ਇਨਸਾਨ ਇਸਲਾਮ ਵਿਚ ਦਾਖ਼ਲ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਆਪਣੇ ਰੱਬ ਨਾਲ ਇਕਰਾਰ ਕਰਦਾ ਹੈ ਕਿ ਮੈਂ ਤੇਰਾ ਬੰਦਾ ਅਤੇ ਗੁਲਾਮ ਹਾਂ ਤੇਰੇ ਹੁਕਮਾਂ 'ਤੇ ਚੱਲਾਂਗਾ ਅਤੇ ਜਿਹੜੀਆਂ ਚੀਜ਼ਾਂ ਤੋਂ ਮਨ੍ਹਾਂ ਕਰਦੇ ਹੋ ਉਹਨਾਂ ਤੋਂ ਬਚਾਂਗਾ। ਇਸ ਕਲਮੇ ਨੂੰ ਪੜ੍ਹ ਕੇ ਇਨਸਾਨ ਦੇ ਪਿਛਲੇ ਸਾਰੇ ਗੁਨਾਹ ਮੁਆਫ਼ ਹੋ ਜਾਂਦੇ ਹਨ ਅਤੇ ਜੰਨਤ ਦਾ ਹੱਕਦਾਰ ਬਣ ਜਾਂਦਾ ਹੈ ਸ਼ਰਤ ਇਹ ਹੈ ਕਿ ਇਸ ਨੂੰ ਤਨੋਂ ਮਨੋ ਪੱਕੇ ਯਕੀਨ ਨਾਲ ਪੜ੍ਹਿਆ ਜਾਵੇ ਅਤੇ ਹਜ਼ਰਤ ਮੁਹੰਮਦ (ਸ.) ਦੇ ਨਬੀ ਹੋਣ ਨੂੰ ਵੀ ਸਵੀਕਾਰ ਕੀਤਾ ਹੋਵੇ।ਇਸ ਕਲਮੇਂ ਦੇ ਦੋ ਹਿੱਸੇ ਹਨ ਪਹਿਲਾਂ 'ਲਾਇਲਾਹਾ ਇਲੱਲਾਹ' ਦੂਜਾ 'ਮੁਹੰਮਦ ਦੁਰ ਰਸੂਲੁੱਲਾਹ' ਭਾਵ ਅੱਲਾਹ ਤੋਂ ਇਲਾਵਾ ਕੋਈ ਇਬਾਦਤ-ਬੰਦਗੀ ਦੇ ਲਾਇਕ ਨਹੀਂ, ਉਹ ਇਕੱਲੀ ਹਸਤੀ ਹੈ ਜੋ ਮੁੱਢ ਤੋਂ ਹੈ ਅਤੇ ਅੰਤ ਤੱਕ ਰਹੇਗੀ, ਉਸ ਦੇ ਬਰਾਬਰ ਹੋਰ ਕੋਈ ਨਹੀਂ। ਸਭ ਪਾਲਣ ਵਾਲਾ, ਰਿਜ਼ਕ ਦੇਣ ਵਾਲਾ, ਜ਼ਿੰਦਗੀ ਅਤੇ ਮੌਤ ਦੇਣ ਵਾਲਾ, ਅਮੀਰੀ ਅਤੇ ਗ਼ਰੀਬੀ ਦੇਣ ਵਾਲਾ ਅਤੇ ਨਫ਼ੇ ਨੁਕਸਾਨ ਦਾ ਉਹੀ ਮਾਲਕ ਹੈ ਜਿਸ ਨੂੰ ਉਹ ਚਾਹਵੇ ਜਿੰਨਾ ਚਾਹਵੇ ਨਵਾਜ਼ ਦੇਵੇ ਉਸ ਨੂੰ ਕੋਈ ਪੁੱਛਣ ਵਾਲਾ ਨਹੀਂ। ਸਾਰੀ ਦੁਨੀਆ ਦਾ ਨਿਜ਼ਾਮ ਉਸ ਨੇ ਆਪਣੇ ਹੱਥ ਵਿਚ ਲੈ ਰੱਖਿਆ ਹੈ ਉਸ ਦਾ ਕੋਈ ਵੀ ਸ਼ਰੀਕ ਨਹੀਂ। ਸਾਰੀਆਂ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਨੂੰ ਉਹੀ ਦੂਰ ਕਰਦਾ ਹੈ। ਹਾਨ-ਲਾਭ ਦਾ ਮਾਲਕ ਉਹੀ ਹੈ ਅਤੇ ਹਜ਼ਰਤ ਮੂਹੰਮਦ (ਸ.) ਅੱਲਾਹ ਦੇ ਸੱਚੇ ਰਸੂਲ ਹਨ।

ਉਹ ਬੰਦਾ ਜਿਸ ਨੇ ਕਲਮਾ ਤਾਂ ਪੜ੍ਹ ਲਿਆ ਹੋਵੇ ਪਰੰਤੂ ਹਜ਼ੂਰ (ਸ.) ਦੇ ਤਰੀਕੇ, ਆਪ ਦੀ ਪਿਆਰੀ ਜ਼ਿੰਦਗੀ ਨੂੰ ਨਾ ਸਵੀਕਾਰਿਆ ਹੋਵੇ ਤਾਂ ਸਮਝੋ ਕਿ ਇਸ ਦੇ ਯਕੀਨ 'ਚ ਕਮੀ ਹੈ। ਰੱਬ ਦਾ ਵੀ ਫ਼ਰਮਾਨ ਹੈ ਕਿ:-

'ਈਮਾਨ ਵਾਲੇ ਤਾਂ ਉਹੀ ਹਨ ਕਿ ਜਦੋਂ (ਉਹਨਾਂ ਦੇ ਸਾਹਮਣੇ) ਰੱਬ ਦਾ ਨਾਂ ਲਿਆ ਜਾਂਦਾ ਹੈ ਤਾਂ ਉਹਨਾਂ ਦੇ ਦਿਲ ਡਰ ਜਾਂਦੇ ਹਨ ਅਤੇ ਜਦੋਂ ਅੱਲਾਹ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਨੂੰ ਹੋਰ ਮਜ਼ਬੂਤ ਕਰ ਦਿੰਦੀਆਂ ਹਨ ਅਤੇ ਉਹ ਆਪਣੇ ਰੱਬ ’ਤੇ ਹੀ ਭਰੋਸਾ ਰਖਦੇ ਹਨ।'

(ਸੂਰਤ ਅਨਫ਼ਾਲ ਨੂੰ 2)

ਹਜ਼ਰਤ ਅਬੂ ਹੁਰੈਰ੍ਹਾ (ਰਜ਼ੀ.) ਤੋਂ ਰਵਾਇਤ ਹੈ ਕਿ ਹਜ਼ੂਰ (ਸ.) ਨੇ ਇਰਸ਼ਾਦ ਫ਼ਰਮਾਇਆ, ਆਪਣੇ ਈਮਾਨ ਨੂੰ ਤਾਜ਼ਾ ਕਰਦੇ ਰਿਹਾ ਕਰੋ। ਅਰਜ਼ ਕੀਤੀ ਗਈ, ਐ ਅੱਲਾਹ ਦੇ ਰਸੂਲ! ਈਮਾਨ ਨੂੰ ਕਿਵੇਂ ਤਾਜ਼ਾ ਕਰਦੇ ਰਿਹਾ ਕਰੀਏ?

22-ਇਸਲਾਮ ਵਿਚ ਔਰਤ ਦਾ ਸਥਾਨ