ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਇਲਾ ਅਤੇ ਅਸਾਫ਼ ਦੇ ਬੁੱਤਾਂ ਨੂੰ ਚੁੰਮਦੇ ਸਨ। ਜੁਮੇ (ਸ਼ੁਕਰਵਾਰ) ਵਾਲੇ ਦਿਨ ਕਾਅਬ ਬਿਨ ਲਵੀ ਲੋਕਾਂ ਨੂੰ ਇੱਕਠਾ ਕਰਕੇ ਖ਼ੁਤਬਾ (ਧਾਰਮਿਕ ਭਾਸ਼ਣ) ਦਿੰਦਾ ਜਿਸ ਵਿਚ ਰੱਬ ਦੀ ਵਡਿਆਈ ਦੀਆਂ ਗੱਲਾਂ ਕਰਦਾ ਕਿ ਸੂਰਜ, ਚੰਨ ਇਹ ਸਭ ਰੱਬ ਦੇ ਬਣਾਏ ਹੋਏ ਹਨ। ਲੋਕਾਂ ਨੂੰ ਰਹਿਮ ਦਿਲੀ ਲਈ ਆਖਦਾ ਅਤੇ ਫ਼ਰਮਾਉਂਦਾ ਕਿ ਮੇਰੀ ਔਲਾਦ 'ਚੋਂ ਇਕ ਨਬੀ ਪੈਦਾ ਹੋਵੇਗਾ ਉਸ ਦੀ ਪੈਰਵੀ ਕਰਨਾ। ਇਹੋ ਹੱਕ ਸੱਚ ਦਾ ਹੋਕਾ ਕਾਅਬ ਨੇ ਅਬੀ ਕੈਸ ਪਹਾੜੀ 'ਤੇ ਚੜ੍ਹ ਕੇ ਰੱਬੀ ਆਦੇਸ਼ਾਂ ਅਨੁਸਾਰ ਲਾਇਆ ਸੀ। ਖ਼ਾਨਾ-ਕਾਅਬਾ ਦੀ ਜ਼ਿਆਰਤ ਲਈ ਦੂਰੋਂ ਨੇੜਿਉਂ ਲੋਕੀ ਪੈਦਲ ਅਤੇ ਉਨਾਂ ਦੀਆਂ ਸਵਾਰੀਆਂ 'ਤੇ ਆਉਂਦੇ ਸਨ। ਲੰਮਾ ਸਫ਼ਰ ਅਤੇ ਰੇਗਿਸਤਾਨੀ ਇਲਾਕਾ ਹੋਣ ਕਾਰਨ ਸਵਾਰੀਆਂ ਨੂੰ ਉਹਨੀ ਦਿਨੀਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਹਜ਼ਰਤ ਈਸਾ (ਅਲੈ.) ਤੋਂ ਬਾਅਦ ਵੀ ਹੱਜ ਦੀ ਰਸਮ ਲੋਕਾਂ 'ਚ ਪ੍ਰਚੱਲਤ ਸੀ। ਡਾ. ਮੁਹੰਮਦ ਇਕਬਾਲ ਨੇ ਖ਼ਾਨਾ-ਕਾਅਬਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ:-

'ਦੁਨੀਆ ਕੇ ਬੁਤਕਦੇ ਮੇਂ ਪਹਿਲਾ ਵੋਹ ਘਰ ਖ਼ੁਦਾ ਕਾ'

ਭੂਗੋਲਿਕ ਅਤੇ ਧਾਰਮਿਕ ਤੌਰ 'ਤੇ ਕੇਂਦਰੀ ਹੈਸੀਅਤ ਦੇ ਧਾਰਨੀ ਇਸ ਸਥਾਨ ਨਾਲ ਲੋਕਾਈ ਦਾ ਰਾਬਤਾ ਜੁੜਿਆ ਰਿਹਾ ਹੈ। ਹਜ਼ਰਤ ਮੁਹੰਮਦ (ਸ.) ਦੀ ਆਮਦ ਦੀ ਸੂਚਨਾ ਇਹਨਾਂ ਆਇਤਾਂ ਤੋਂ ਮਿਲਦੀ ਹੈ: 'ਅਤੇ ਯਾਦ ਕਰੋ ਜਦੋਂ ਹਜ਼ਰਤ ਇਬਰਾਹੀਮ (ਅਲੈ.) ਅਤੇ ਹਜ਼ਰਤ ਇਸਮਾਈਲ (ਅਲੈ.) ਉਸ ਘਰ ਦੀਆਂ ਦੀਵਾਰਾਂ ਬਣਾ ਰਹੇ ਸਨ ਤਾਂ ਦੁਆ ਕਰ ਹਰੇ ਸਨ ਕਿ ਐ ਅੱਲਾਹ! ਇਹਨਾਂ ਲੋਕਾਂ ਲਈ ਖ਼ੁਦ ਇਹਨਾਂ ਦੀ ਕੌਮ 'ਚੋਂ ਹੀ ਇਕ ਰਸੂਲ ਭੇਜਣਾ, ਜੋ ਇਹਨਾਂ ਨੂੰ ਤੇਰੀਆਂ ਆਇਤਾਂ ਸੁਣਾਵੇ। ਇਹਨਾਂ ਨੂੰ ਕਿਤਾਬ ਅਤੇ ਹਿਕਮਤ ਦੀ ਤਾਲੀਮ ਦੇਵੇ ਅਤੇ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਸੰਵਾਰੇ।' (ਸੂਰਤ ਬਕਰਹ ਨੰ:129)

ਹਜ਼ਰਤ ਈਸਾ (ਅਲੈ.) ਨੇ ਵੀ ਆਪ (ਸ.) ਦੀ ਆਮਦ ਬਾਰੇ ਫ਼ਰਮਾਇਆ ਸੀ ਕੁਰਆਨ ਸ਼ਰੀਫ਼: "ਐ ਬਨੀ ਇਸਰਾਈਲ (ਇਸਰਾਈਲ ਦੀ ਔਲਾਦ) ਮੈਂ ਤੁਹਾਡੇ ਵੱਲ ਅੱਲਾਹ ਦਾ ਭੇਜਿਆ ਹੋਇਆ ਰਸੂਲ ਹਾਂ, ਤਸਦੀਕ ਕਰਨ ਵਾਲਾ ਹਾਂ, ਉਸ ਤੌਰਾਤ ਦੀ ਜੋ ਮੈਥੋਂ ਪਹਿਲਾਂ ਆਈ ਅਤੇ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ ਇਕ ਰਸੂਲ ਦੀ ਜੋ ਮੇਰੇ ਤੋਂ ਪਿੱਛੋਂ ਆਏਗਾ ਅਤੇ ਜਿਸ ਦਾ ਨਾਂ ਅਹਿਮਦ ਹੋਵੇਗਾ।"

(ਸੂਰਤ ਅਸ-ਸੱਫ਼:6)

ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਅਰਥ ਮੱਕੇ ਦੀ ਯਾਤਰਾ ਜਾਂ ਇਬਾਦਤ ਦੀ ਨੀਯਤ ਨਾਲ ਕਾਅਬੇ ਦਾ ਤਵਾਫ਼ (ਪਰਿਕਰਮਾ) ਕਰਨਾ ਹੈ। ਸਾਧਾਰਨ ਸ਼ਬਦਾਂ ਵਿਚ ਹੱਜ ਨੂੰ ਜ਼ਿਆਰਤ, ਮੱਕੇ ਦਾ ਹੱਜ ਅਤੇ ਮੱਕੇ ਦਾ ਪਾਕ

32-ਇਸਲਾਮ ਵਿਚ ਔਰਤ ਦਾ ਸਥਾਨ