ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਆਨ ਮਜੀਦ ਅਤੇ ਔਰਤ

ਔਰਤ ਅਰਬੀ ਸ਼ਬਦ ਹੈ ਜਿਸ ਦੇ ਅਰਥ ਛੁਪਣਾ, ਲੁਕਣਾ ਅਤੇ ਪਰਦਾ ਦੇ ਹਨ। ਔਰਤ ਨੂੰ ਰੱਬ ਨੇ ਕੋਮਲ ਚੀਜ਼ ਬਣਾ ਕੇ ਇਸ ਦੁਨੀਆ ਵਿਚ ਭੇਜਿਆ ਹੈ। ਰੱਬ ਨੇ ਇਸ ਦੀ ਬਣਤਰ ਵਿਚ ਅਹਿਸਾਸ ਅਤੇ ਕੰਟਰੋਲ ਦੀ ਸਿਫ਼ਤ ਰਖੀ ਹੈ। ਤਾਰੀਖ਼ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਪੈਗ਼ੰਬਰਾਂ, ਪੀਰਾਂ, ਅਵਤਾਰਾਂ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਵਿਚ ਔਰਤ ਦਾ ਵਿਸ਼ੇਸ਼ ਰੋਲ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਵੀ ਫ਼ਰਮਾਨ ਹੈ "ਸੋ ਕਿਉਂ ਮੰਦਾ ਆਖਿਐ ਜਿਤ ਜੰਮਹਿ ਰਾਜਾਨੁ।" ਮਾਂ ਦੀ ਗੋਦ ਹੀ ਬੇਸਿਕ ਯੂਨੀਵਰਸਿਟੀ ਹੈ। ਇਸ ਦੀ ਗੋਦ ਵਿਚ ਕੌਮਾਂ ਪਲਦੀਆ ਹਨ। ਦੁਨੀਆ ਦੀ ਰੌਣਕ ਵੀ ਇਸ ਦੇ ਨਾਲ ਹੈ।ਇਹ ਇਕ ਘਰ 'ਚ ਆਪਣਾ ਬਚਪਨ, ਜਵਾਨੀ ਅਤੇ ਦੂਜੇ ਘਰ ਪੂਰੀ ਜ਼ਿੰਦਗੀ ਗੁਜ਼ਾਰਦੀ ਹੈ। ਮਾਂ ਦੀ ਹੈਸੀਅਤ ਨਾਲ ਕੌਮਾਂ ਵਜੂਦ ਵਿਚ ਆਉਂਦੀਆਂ ਹਨ। ਮਾਂ ਹੈ ਤਾਂ ਇਸ ਦੇ ਪੈਰਾਂ ਥੱਲੇ ਜੰਨਤ ਹੈ। ਮਾਂ ਦੀ ਨਰਾਜ਼ਗੀ ਰੱਬ ਦੀ ਨਰਾਜ਼ਗੀ ਦੱਸਿਆ ਗਿਆ ਹੈ। ਮਾਂ ਦੀ ਦੁਆ ਆਪਣੀ ਔਲਾਦ ਲਈ ਇਸ ਤਰ੍ਹਾਂ ਹੈ ਜਿਵੇਂ ਖੇਤੀ ਲਈ ਪਾਣੀ। ਕੁਰਆਨ ਮਜੀਦ ਇਕ ਮੁਕੰਮਲ ਜੀਵਨ ਜਾਚ ਹੈ ਜਿਸ ਵਿਚ ਔਰਤ ਦਾ ਜ਼ਿਕਰ ਵਾਰ-ਵਾਰ ਆਇਆ ਹੈ। ਉਹ ਆਇਤਾਂ ਜਿਥੇ ਔਰਤ ਨੂੰ ਵਿਸ਼ੇਸ਼ ਤੌਰ 'ਤੇ ਸਰਾਹਿਆ ਗਿਆ ਹੈ ਪੇਸ਼ ਕੀਤੀਆਂ ਜਾ ਰਹੀਆਂ ਹਨ।

ਐ ਈਮਾਨ ਵਾਲਿਓ! ਤੁਹਾਨੂੰ ਮਕਤੂਲਾਂ (ਜਿਹੜੇ ਕਤਲ ਕਰ ਦਿੱਤੇ ਜਾਣ) ਦੇ ਸਬੰਧ ਵਿਚ 'ਕਿਸਾਸ' (ਬਰਾਬਰ ਦਾ ਹੱਤਿਆ ਦੰਡ, ਖ਼ੂਨ ਦੇ ਬਦਲੇ ਖ਼ੂਨ) ਦਾ ਹੁਕਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਿ) ਅਜ਼ਾਦ ਦੇ ਬਦਲੇ ਅਜ਼ਾਦ ਅਤੇ ਗ਼ੁਲਾਮ ਦੇ ਬਦਲੇ ਗੁਲਾਮ ਤੇ ਔਰਤ ਦੇ ਬਦਲੇ ਔਰਤ ਤੇ ਜੇਕਰ ਮਕਤੂਲ ਦੇ ਭਾਈ ਵੱਲੋਂ ਕਾਤਿਲ ਨੂੰ ਕੁੱਝ ਮੁਆਫ਼ ਕਰ ਦਿੱਤਾ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਪ੍ਰਚੱਲਿਤ ਨਿਯਮ ਅਨੁਸਾਰ (ਖ਼ੂਨ ਦੇ ਮਾਇਕ ਬਦਲੇ ਦੀ) ਪੈਰਵੀ ਕਰੇ ਤੇ ਖ਼ੁਸ਼ੀ ਨਾਲ ਮਾਇਕ/ਮਾਲੀ ਦੰਡ ਅਦਾ ਕਰੇ।

ਇਹ ਅੱਲਾਹ ਦੀ ਤਰਫ਼ੋਂ (ਤੁਹਾਡੇ ਲਈ) ਆਸਾਨੀ ਅਤੇ ਮਿਹਰਬਾਨੀ ਹੈ ਜਿਹੜਾ ਇਸ ਪਿੱਛੋਂ ਜ਼ਿਆਦਤੀ (ਵਧੀਕੀ) ਕਰੇ, ਉਸ ਦੇ ਲਈ ਦੁਖਦਾਈ ਅਜ਼ਾਬ ਹੈ। (178) ਅਤੇ ਐ ਅਕਲ ਵਾਲਿਓ! ਕਿਸਾਸ (ਦੇ ਹੁਕਮ) ਵਿਚ (ਤੁਹਾਡੀ) ਜ਼ਿੰਦਗਾਨੀ ਹੈ ਤਾਂ ਕਿ ਤੁਸੀਂ (ਕਤਲ ਅਤੇ ਖ਼ੂਨ ਖ਼ਰਾਬੇ ਤੋਂ) ਬਚੋ। (179)

(ਸੂਰਤ ਅਲ-ਬਕਰਹ ਆਇਤ ਨੂੰ 178-179)

54-ਇਸਲਾਮ ਵਿਚ ਔਰਤ ਦਾ ਸਥਾਨ