ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਮੁੱਢਲੇ ਸ਼ਬਦ

ਆਦਿ ਕਾਲ ਤੋਂ ਹੀ ਲੋਕ ਸਾਹਿਤ ਜਨ ਸਾਧਾਰਨ ਲਈ ਮਨੋਰੰਜਣ ਦਾ ਵਿਸੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸਣ ਹੁੰਦੇ ਹਨ। ਇਹ ਪੀੜ੍ਹੀਓ ਪੀੜ੍ਹੀ ਸਮੇਂ ਦਾ ਲੰਮਾ ਪੈਂਡਾ ਝਾਗ ਕੇ ਸਾਡੇ ਤੀਕ ਪੁਜਦਾ ਹੈ।ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡਮੁੱਲਾ ਸਰਮਾਇਆ ਹੀ ਨਹੀਂ ਬਲਕਿ ਮਾਣ ਮੱਤਾ ਸਾਂਭਣਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਗਾਥਾਵਾਂ, ਲੋਕ ਕਹਾਣੀਆਂ, ਅਖਾਣ ਅਤੇ ਬੁਝਾਰਤਾਂ ਆਦਿ ਪੰਜਾਬੀ ਲੋਕ ਸਾਹਿਤ ਦੇ ਭਵਿੰਨ ਰੂਪ ਹਨ। |

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ-ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁਲ੍ਹਾ ਤੇ ਹਰ ਕਿਸੇ ਨਾਲ ਘੁਲ-ਮਿਲ਼ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਖਾਰ ਤੁਲੇ ਦੀ ਮੁਟਿਆਰ ਧੀ ਸੋਹਣੀ ਨੂੰ ਵੇਖ ਉਸ ਤੇ ਫ਼ਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਆਪਣਾ ਬਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ ਦੂਜੇ ਤੇ ਜਿੰਦੜੀ ਘੋਲ਼ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਰਕਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੋਰ ’ਚ ਧੋਬੀਆਂ ਦੇ ਘਰ ਪਲ਼ੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁੱਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਨੂੰ ਅਤੇ ਸੋਹਣੀ ਦਾ ਇਜ਼ਤ ਵੈਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ ਅਤੇ ਮਿਰਜ਼ਾ-ਸਾਹਿਬਾਂ ਆਦਿ ਅਜਿਹੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉਕਰੀ ਹੋਈ ਹੈ। ਇਹ ਸਾਰੀਆਂ ਪ੍ਰੀਤ ਗਾਥਾਵਾਂ ਮਧਕਾਲ ਵਿੱਚ ਵਾਪਰੀਆਂ ਹਨ। ਪਹਿਲਾਂ

(ix)