ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਢਾਰਸਾਂ ਬਨ੍ਹਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।
ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇਕ ਮੁੰਡੇ ਨਾਲ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤਾ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾਗਿਆ। ਉਹ ਸਾਰੀ ਰਾਤ ਰਜਾਈ ਵਿੱਚ ਮੂੰਹ ਦਈਂ ਡੁਸਕਦੀ ਰਹੀ, ਹਟਕੋਰੇ ਭਰਦੀ ਰਹੀ, ਆਪਣੇ ਧੁੰਧਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ:
"ਮਿਰਜ਼ਿਆ ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਜੇ ਤੈਨੂੰ ਮੇਰੇ ਨਾਲ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ। ਜੇ ਤੂੰ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ ਹੀ ਹੋਵੇਗਾ।"
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ! ਉਹਦੇ ਡੌਲੇ ਫਰਕ ਉੱਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁਕਣ ਵਾਲੀ ਹੈ। ਤੇ ਤੂੰ ਘਰੋਂ ਟੁਰ ਪਿਐਂ!" ਤੇ ਖੀਵੀ ਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਟੂਰੇ।
"ਮਾਂ ਜੇ ਅੱਜ ਮੈਂ ਝੰਗ ਨਾ ਅਪੜਿਆਂ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾਂ ਹੀ ਨਹੀਂ ਸਕਦਾ। ਮੇਰਾ ਰਾਹ ਛੱਡ ਦੇ ਮਾਂ। ਉਸ ਦੀ ਜਿੰਦ ਨੂੰ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ...।"
"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇਂ। ਚੰਗਾ ਦੇਰ ਨਾ ਕਰ ਛੇਤੀ ਜਾਹ। ਪੁੱਤਰਾ ਖ਼ਰਲਾਂ ਦੇ ਖੂਨ ਨੂੰ ਦਾਗ਼ ਨਾ ਲਾਈਂ ਸਾਹਿਬਾਂ ਨੂੰ ਨਾਲ ਲੈ ਕੇ ਮੁੜੀ।"
ਤੇ ਮਿਰਜ਼ਾ ਦੀ ਮਾਂ ਨੇ ਰੱਬ ਅੱਗੇ ਦੋਨੋਂ ਹੱਥ ਜੋੜ ਦਿੱਤੇ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ ਗੱਲਾਂ ਕਰਨ ਲੱਗੀ।
ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨ੍ਹੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਸ਼-ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ। ਤੇ ਸਾਹਿਬਾਂ ਉਹਨੂੰ ਉਡੀਕਦੀ-ਉਡੀਕਦੀ ਬੇ-ਆਸ ਹੋ ਚੁੱਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਹ ਉਸ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖ਼ਬਰ ਦੇ ਆਈ।

29/ ਇਸ਼ਕ ਸਿਰਾਂ ਦੀ ਬਾਜ਼ੀ