ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲਾਸਾਨੀ ਮੁਹੱਬਤ ਦੀ ਗਾਥਾ-ਸੋਹਣਾ ਜ਼ੈਨੀ

ਸੋਹਣਾ ਜ਼ੈਨੀ, ਸੋਹਣੀ ਦੇ ਦੇਸ਼ ਗੁਜਰਾਤ ਦੀ ਇਕ ਹੋਰ ਪ੍ਰੀਤ ਕਹਾਣੀ ਹੈ। ਸੋਹਣੀ ਆਪਣੇ ਪ੍ਰੇਮੀ ਮਹੀਂਵਾਲ ਲਈ ਕੱਚੇ ਘੜੇ ਉੱਤੇ ਝਨਾਂ ਦੀਆਂ ਖੂਨੀ ਲਹਿਰਾਂ ਵਿੱਚ ਠਿਲ੍ਹ ਪਈ ਸੀ, ਏਧਰ ਸੋਹਣਾ ਆਪਣੀ ਪ੍ਰੇਮਕਾ ਜ਼ੈਨੀ ਲਈ ਜ਼ਹਿਰੀਲੇ ਸੱਪਾਂ ਦਾ ਡੰਗ ਸਹਾਰਦਾ ਹੈ।

ਇਸ ਕਹਾਣੀ ਬਾਰੇ ਮੈਨੂੰ ਹੇਠ ਲਿਖੇ ਤਿੰਨ ਕਿੱਸੇ ਮਿਲੇ ਹਨ:
੧. ਸੋਹਣਾ ਵਾ ਜ਼ੈਨੀ ਕ੍ਰਿਤ ਖਾਹਸ਼ ਅਲੀ
੨. ਸੋਹਣਾ ਤੇ ਜ਼ੈਨੀ ਕ੍ਰਿਤ ਕਵੀ ਜਲਾਲ
੩. ਸੋਹਣਾ ਤੇ ਜ਼ੈਨੀ ਜੋਗਨ ਕ੍ਰਿਤ ਬਖਸ਼ੀ ਈਸਾਈ

ਇਨ੍ਹਾਂ ਕਿੱਸਿਆਂ ਤੋਂ ਇਸ ਪ੍ਰੀਤ ਕਥਾ ਦੇ ਵਾਪਰਨ ਦੇ ਸਮੇਂ ਦਾ ਸਹੀ ਪਤਾ ਨਹੀਂ ਲਗ ਰਿਹਾ। ਕਵੀ ਜਲਾਲ, ਜਿਹੜਾ ਜ਼ਿਲਾ ਸਿਆਲਕੋਟ ਦਾ ਰਹਿਣ ਵਾਲਾ ਸੀ, ਅਪਣੇ ਕਿੱਸੇ ਨੂੰ ੮ ਜਨਵਰੀ ੧੯੩੧ ਈਸਵੀ ਨੂੰ ਲਿਖਕੇ ਸਮਾਪਤ ਕਰਦਾ ਹੈ। ਬਖ਼ਸ਼ੀ ਈਸ਼ਾਈ ਤੇ ਮੁਨਸ਼ੀ ਖਾਹਸ਼ ਅਲੀ ਅਪਣੇ ਕਿੱਸੇ ਲਿਖਣ ਦੀ ਕੋਈ ਮਿਤੀ ਨਹੀਂ ਦਸ ਰਹੇ। ਉਂਜ ਇਨ੍ਹਾਂ ਦਾ ਕਾਲ ਵੀਹਵੀਂ ਸਦੀ ਹੀ ਹੈ।

ਇਨ੍ਹਾਂ ਕਿੱਸਿਆਂ ਦੇ ਅਧਿਐਨ ਤੋਂ ਇਹੀ ਪਤਾ ਲਗਦਾ ਹੈ ਕਿ ਖਾਹਸ਼ ਅਲੀ ਨੇ ਸਭ ਤੋਂ ਪਹਿਲਾਂ ਕਿਸੇ ਪੁਰਸ਼ ਪਾਸੋਂ ਇਸ ਕਹਾਣੀ ਨੂੰ ਸੁਣਿਆ ਤੇ ਮਗਰੋਂ ਕਿੱਸਾ ਲਿਖ ਦਿੱਤਾ। ਕਵੀ ਜਲਾਲ ਤੇ ਬਖਸ਼ੀ ਈਸਾਈ ਨੇ ਥੋੜ੍ਹੀ-ਥੋੜ੍ਹੀ ਅਦਲਾ ਬਦਲੀ ਨਾਲ ਅਪਣੇ ਕਿੱਸੇ ਲਿਖੇ ਹਨ। ਖਾਹਸ਼ ਅਲੀ ਅਪਣੇ ਕਿੱਸੇ ਦੀ ਵਾਹਦੇ ਤਸਨੀਫ ਬਾਰੇ ਆਪ ਲਿਖਦਾ ਹੈ:

ਪੰਜ ਪਹਾੜ ਦਿਹਾੜੀ ਵੇਹਲਿਆਂ ਲੰਘਦੀ ਮੂਲ ਨਾ ਯਾਰਾ।
ਲਿੱਖੀਏ ਕੋਈ ਕਹਾਣੀ ਕਿੱਸਾ, ਸ਼ੌਕ ਲੱਗਾ ਦਿਲ ਭਾਰਾ।
ਉਚਰਾਂ ਨੂੰ ਆ ਪਹੁੰਚਿਆ ਉੱਥੇ ਮੇਰਾ ਦਿਲਬਰ ਜਾਨੀ।
ਈਦਾ ਨਾਮ ਤੇ ਗੁਜਰ ਜੋਤੋਂ ਬੰਦਾ ਬਹੁਤ ਗਿਆਨੀ।
ਔਦਿਆਂ ਹੀ ਉਸ ਦੋਸਤ ਮੇਰੇ ਵਾਹਵਾ ਗਲ ਸੁਣਾਈ।
ਗਲ ਕਰੀ ਚਕ ਵਿੱਚ ਗੱਲਾਂ ਦੇ ਚਿਣਗ ਚਵਾਤੀ ਲਾਈ।
ਜਿਉਂ-ਜਿਉਂ ਸੁਣਾਵੇ ਅੱਗੋਂ ਮਜ਼ਾ ਜ਼ਿਆਦਾ ਆਵੇ।
ਲੂੰ ਲੂੰ ਦੇ ਵਿੱਚ ਇਸ਼ਕ ਸਮਾਵੇ ਛੇਕ ਕਲੇਜੇ ਪਾਵੇ।

ਸੋਹਣੀ ਜ਼ੈਨੀ ਪੱਛਮੀ ਪੰਜਾਬ ਦੇ ਨੀਲੀ ਬਾਰ ਦੇ ਇਲਾਕੇ ਗੁਜਰਾਤ ਵਿੱਚ ਚੌਧਵੀਂ ਸਦੀ ਵਿੱਚ ਵਾਪਰੀ ਅਜਿਹੀ ਮਨਮੋਹਕ ਲੋਕ ਗਾਥਾ ਹੈ ਜੋ ਸਦੀਆਂ ਤੋਂ ਪੰਜਾਬ

81/ ਇਸ਼ਕ ਸਿਰਾਂ ਦੀ ਬਾਜ਼ੀ