ਪੰਨਾ:ਇਹ ਰੰਗ ਗ਼ਜ਼ਲ ਦਾ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੯

ਨੈਣਾਂ ਦੇ ਪਿਆਲਿਆਂ ਚੋਂ, ਜਿਸ ਨੇ ਕਦੇ ਹੈ ਪੀਤੀ
ਫਿਰ ਲੱਥਦੀ ਨਾ ਚੜ੍ਹਕੇ, ਪਿਆਰਾਂ ਦੀ ਉਹ ਖ਼ੁਮਾਰੀ

ਗਰਮੀ ਦੀ ਰੁੱਤ, ਦੁਪਹਿਰਾ ਸੂਰਜ ਦੀ ਤੇਜ਼ ਧੁੱਪਾਂ
ਸੱਸੀ ਨੇ ਪਰ ਥਲਾਂ ਵਿਚ, ਹਿੰਮਤ ਨਹੀਂ ਹੈ ਹਾਰੀ

ਪੁੰਨੂੰ ਦੇ ਪਿਆਰ ਅੰਦਰ, ਯੂੰ ਮਸਤ ਹੋ ਗਈ ਉਹ
ਹੋਤਾਂ ਦੀ ਦੁਸ਼ਮਣੀ ਵੀ, ਸੱਸੀ ਨੇ ਨਾ ਵਿਚਾਰੀ

ਘਰ ਬਾਰ ਛੱਡ ਅਪਣਾ, ਮੱਝਾਂ ਵੀ ਚਾਰਦੇ ਨੇ
ਇਸ਼ਕਾਂ ਦੇ ਵਿਚ ਐਵੇਂ ਜਾਂਦੀ ਹੈ ਮੱਤ ਮਾਰੀ

ਦੁਨੀਆਂ ਦੇ ਧੰਦਿਆਂ ਵਿਚ, ਗੋ ਉਮਰ ਲੰਘਦੀ ਹੈ
ਪਰ ਕੂਚ ਦੀ ਨਾ ਇਥੋਂ, ਹੁੰਦੀ ਕਦੇ ਤਿਆਰੀ

ਦਿਲ ਕੌਡੀਆਂ ਦੇ ਭਾ ਇਹ, ਦਿੰਦੇ ਨੇ ਵੇਚ ਅਕਸਰ
ਘਾਟੇ ਦਾ ਕਰਨ ਸੌਦਾ, ਏਸ ਇਸ਼ਕ ਦੇ ਵਪਾਰੀ

ਉਸ ਦੇ ਨਾ ਦਿਲ ਤੇ ਇਸਦਾ, ਕੋਈ ਅਸਰ ਹੈ ਦਿਸਦਾ
ਸੌ ਵਾਰ ਜਾਨ ਅਪਣੀ, ਭਾਵੇਂ ਮੈਂ ਉਸ ਤੇ ਵਾਰੀ

ਇਸ ਦਾ 'ਰਤਨ' ਨਾ ਕੋਈ, ਮੁੱਲ ਪਾ ਸਕੇ ਨੇ ਬੰਦੇ
ਭਾਵੇਂ ਇਹ ਜਾਨ ਸਾਨੂੰ, ਮਿਲਦੀ ਹੈ ਕੁਝ ਉਧਾਰੀ