ਪੰਨਾ:ਇਹ ਰੰਗ ਗ਼ਜ਼ਲ ਦਾ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਲਖ ਜਗਾਵਾਂਗਾ

ਤੇਰੇ ਦਰ ਤੇ ਅਲਖ ਜਗਾਵਾਂਗਾ
ਇਥੋਂ ਖ਼ਾਲੀ ਨਾ ਮੁੜਕੇ ਜਾਵਾਂਗਾ

ਅਪਣੀ ਹਸਤੀ ਨੂੰ ਮੈਂ ਮਿਟਾਵਾਂਗਾ
ਤੇਰੀ ਹਸਤੀ ਦੇ ਵਿਚ ਸਮਾਵਾਂਗਾ

ਜੋ ਮੇਰੀ ਰੂਹ ਨੂੰ ਕਰੇ ਚਾਨਣ
ਜੋਤ ਦਿਲ ਵਿਚ ਓਹੀ ਜਗਾਵਾਂਗਾ

ਮੇਰੀ ਸੂਰਤ ਕਹੇਗੀ ਮੇਰਾ ਹਾਲ
ਬੋਲ ਕੇ ਕੁਝ ਵੀ ਨਾ ਸੁਣਾਵਾਂਗਾ

ਤੇਰੇ ਚਰਨਾਂ ਤੇ ਭੇਂਟ ਦੀ ਖਾਤਰ
ਦਿਲ ਦੀ ਵਸਤੂ ਨੂੰ ਹੀ ਲਿਆਵਾਂਗਾ

ਦਿਲ ਨੂੰ ਕਹਿੰਦੇ ਨੇ ਦਿਲ ਦੇ ਨਾਲ ਹੈ ਰਾਹ
ਇਸ ਕਥਨ ਨੂੰ ਮੈਂ ਆਜ਼ਮਾਵਾਂਗਾ

ਤੂੰ ਕਿਤੇ ਹੋਰ ਕੁਝ ਕਰੇਂ ਨਾ ਖਿਆਲ
ਜ਼ਖ਼ਮ ਸੀਨੇ ਦੇ ਨਾ ਦਿਖਾਵਾਂਗਾ

ਜਿਸ ਨੇ ਕੀਤਾ ਚਿਰਾਂ ਤੋਂ ਹੈ ਬੇਚੈਨ
ਪਿਆਸ ਨੈਣਾ ਦੀ ਉਹ ਬੁਝਾਵਾਂਗਾ