ਪੰਨਾ:ਇਹ ਰੰਗ ਗ਼ਜ਼ਲ ਦਾ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ ਜੁਦਾ ਹੈ

 

ਸੱਸੀ ਦੇ ਸਿਰ ਤੇ ਦੇਖੋ, ਅੱਜ ਕੂਕਦੀ ਕਜ਼ਾ ਹੈ
ਪੁਨੂੰ ਦੀ ਡਾਚੀਆਂ ਦਾ, ਲੱਭਦਾ ਨਹੀਂ ਪਤਾ ਹੈ

ਜਿਸ ਆਦਮੀ ਦੇ ਦਿਲ ਵਿਚ, ਤੂੰ ਆਕੇ ਵੱਸ ਗਿਆ ਹੈਂ
ਭਾਵੇਂ ਫ਼ਕੀਰ ਹੈ ਉਹ, ਦੁਨੀਆਂ ਦਾ ਬਾਦਸ਼ਾਹ ਹੈ

ਇਹ ਇਸ਼ਕ ਵਿਚ ਮਰਨਾ, ਜਿਉਣਾ ਹੀ ਜਾਣਦਾ ਹੈ
ਆਸ਼ਕ ਦਾ ਦੀਨ ਯਾਰੋ, ਦੁਨੀਆਂ ਤੋਂ ਵੱਖਰਾ ਹੈ

ਤੈਨੂੰ ਸ਼ਰਾਬ ਵਿੱਸ ਹੈ, ਮੇਰੇ ਲਈ ਹੈ ਅੰਮ੍ਰਿਤ
ਤੇਰੀ ਨਜ਼ਰ ਤੋਂ ਜ਼ਾਹਿਦ, ਮੇਰੀ ਨਜ਼ਰ ਜੁਦਾ ਹੈ

ਐਵੇਂ ਹਕੀਮ ਨੁਸਖੇ, ਲਿਖ ਲਿਖ ਕੇ ਦੇ ਰਿਹਾ ਹੈਂ
ਪ੍ਰੀਤਮ ਦੇ ਰੋਗੀਆਂ ਨੂੰ, ਬੇਕਾਰ ਹਰ ਦਵਾ ਹੈ

ਮਿਲਦਾ ਹੈ ਆਦਮੀ ਨੂੰ, ਗੋ ਚਾਰ ਦਿਨ ਦਾ ਜੀਵਨ
ਫਿਰ ਵੀ ਇਹ ਅਪਣੀ ਮੂਰਖ ਬੰਨ੍ਹਦਾ ਪਿਆ ਹਵਾ ਹੈ

ਹੂਰਾਂ ਦੇ ਸੁਪਨਿਆਂ ਵਿਚ, ਜ਼ਾਹਿਦ ਹੈ ਮਸਤ ਹੋਇਆ
ਇਹ ਹੁਸਨ ਦਾ ਪਿਆਸਾ, ਇਸ ਵਿਚ ਨਾ ਸ਼ੱਕ ਜ਼ਰਾ ਹੈ

ਅਕਲਾਂ ਦਾ ਲੈ ਸਹਾਰਾ, ਤੂੰ ਭਾਲਦਾ ਹੈਂ ਰਸਤਾ
ਸਾਨੂੰ ਤਾਂ ਇਸ਼ਕ ਦਾ ਹੀ, ਬੱਸ ਇਕ ਆਸਰਾ ਹੈ

ਬੇ ਆਬਰੂ ਹੈ ਕਰਨਾ, ਬੇ ਆਬਰੂ ਹੀ ਕਰਦੇ
ਦਿੱਤਾ ਹੈ ਸਿਰ ਝੁਕਾ ਮੈਂ, ਜੇ ਤੇਰੀ ਇਹ ਰਜ਼ਾ ਹੈ

ਭਾਵੇਂ ਜ਼ਲੀਲ ਕਰਦੇ, ਭਾਵੇਂ ਤੂੰ ਚੁੱਕ ਉਂਚਾ
ਤੇਰਾ 'ਰਤਨ' ਹੈ ਤੇਰਾ, ਅੱਛਾ ਹੈ ਯਾ ਬੁਰਾ ਹੈ