ਪੰਨਾ:ਇਹ ਰੰਗ ਗ਼ਜ਼ਲ ਦਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਬ ਨਹੀਂ

 

ਤੇਰੇ ਦਰ ਤੋਂ ਮੁੜਨ ਦੀ ਤਾਬ ਨਹੀਂ
ਮਿਲਦਾ ਜਦ ਤਕ ਕੋਈ ਜਵਾਬ ਨਹੀਂ

ਕਿਸ ਲਈ ਦੱਸ ਬਾਗ਼ ਵਿਚ ਜਾਵਾਂ
ਤੈਥੋਂ ਸੁਹਣਾ ਕੋਈ ਗੁਲਾਬ ਨਹੀਂ

ਚਿੱਠੀਆਂ ਰੋਜ਼ ਉਸ ਨੂੰ ਲਿਖਦਾ ਹਾਂ
ਉਸ ਦਾ ਆਇਆ ਕਦੇ ਜਵਾਬ ਨਹੀਂ

ਮੂਸਾ ਦਰਸ਼ਣ ਦੀ ਜ਼ਿੱਦ ਕਰਦਾ ਹੈਂ
ਝਾਲ ਝੱਲਣ ਦੀ ਤੈਨੂੰ ਤਾਬ ਨਹੀਂ

ਕੋਈ ਕਰਦਾ ਤੇ ਕੋਈ ਭਰਦਾ ਹੈ
ਸਮਝ ਆਉਂਦਾ ਇਹ ਕੁਝ ਹਿਸਾਬ ਨਹੀਂ

ਤੈਨੂੰ ਜ਼ਾਹਿਦ ਸੁਆਦ ਦਾ ਕੀ ਪਤਾ
ਤੂੰ ਤਾਂ ਪੀਤੀ ਕਦੇ ਸ਼ਰਾਬ ਨਹੀਂ

ਖੇੜਿਆਂ ਦੀ ਗਲੀ ਫਿਰੇ ਜੋਗੀ
ਪੈਰ ਜੁੱਤੀ ਨਹੀਂ ਜੁਰਾਬ ਨਹੀਂ

ਕੈਸ ਤੇਰਾ ਇਸ਼ਕ ਅਧੂਰਾ ਹੈ
ਮਿਲਿਆ ਮਜਨੂੰ ਦਾ ਜੇ ਖ਼ਿਤਾਬ ਨਹੀਂ

ਪ੍ਰੇਮ ਦਾ ਪਾਠ ਕੀ ਪੜ੍ਹੇਂਗਾ 'ਰਤਨ'
ਤੂੰ ਤਾਂ ਖੋਲੀ ਅਜੇ ਕਿਤਾਬ ਨਹੀਂ