ਪੰਨਾ:ਉਪਕਾਰ ਦਰਸ਼ਨ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਈਨਾਂ ਕਦੇ ਨਾ ਮੰਨਦੇ ਸ਼ੇਰਾਂ ਦੇ ਬੱਚੇ

ਪਵੇ ਜੇ ਫਾਂਸੀ ਗਲਾਂ ਵਿਚ, ਉਹ ਮਾਲਾ ਜਾਨਣ।
ਪਾਣੀ ਸੜਦੀ ਦੇਗ਼ ਦਾ, ਉਹ ਯਖ ਪਛਾਨਣ।
ਭੌਰੇ ਤਾਈਂ ਆਖਦੇ, ਉਹ ਨੂਰੀ ਚਾਨਣ।
ਬਰਸਣ ਅਗੋਂ ਗੋਲੀਆਂ, ਹੱਸ ਹਿੱਕਾਂ ਤਾਨਣ।
ਚੜ੍ਹਨ ਜੇ ਉਤੇ ਚਰਖੀਆਂ, ਖਡ ਦੇਣ ਹਲੱਚੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬੱਚੇ।

ਬੱਦਲ ਚੜ੍ਹ ਚੜ੍ਹ ਜ਼ੁਲਮ ਦੇ, ਸਿਰ ਉਤੇ ਗੱਜਨ।
ਜੇ ਤੇਗਾਂ ਵਾਂਗ ਵਦਾਨ ਦੇ, ਧੌਣਾਂ ਤੇ ਵੱਜਨ
ਜੇ ਪਟੜੀ ਵਾਂਗੂੰ ਤਨਾਂ ਤੇ, ਇੰਜਨ ਵੀ ਭੱਜਨ।
ਹਸ ਹਸ ਕੇ ਜੀਂਦੇ ਸੜਨ ਨੂੰ, ਜੰਡਾਂ ਸੰਗ ਬੱਝਨ।
ਜੇ ਲੋਹਾਂ ਉਤੇ ਬੈਠਦੇ, ਅਗ ਥਲੇ ਮੱਚੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬੱਚੇ।

ਜੇ ਅਖਾਂ ਤਾ ਤਾ ਸੁਰਮਚੂ, ਕਢਣ ਹਤਿਆਰੇ।
ਜੇ ਨਾਲ ਜੰਮੂਰਿਆਂ ਬੋਟੀਆਂ, ਖਿਚਣ ਲਾਚਾਰੇ।
ਪੈਣ ਜੇ ਉਤੇ ਤਖਤਿਆਂ, ਉਹ ਸਮਝਣ ਖਾਰੇ।
ਵਾਂਗ ਤਿਲਾਂ ਦੇ ਪੀੜ ਦੇਣ, ਕੋਹਲੂ ਵਿਚਕਾਰੇ।
ਜੇ ਟੰਗਣ ਉਤੇ ਨੇਜ਼ਿਆਂ, ਸਿਦਕਾਂ ਦੇ ਸੱਚੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬੱਚੇ।

-੧੪੦-