ਪੰਨਾ:ਉਪਕਾਰ ਦਰਸ਼ਨ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਮਾਂ ਚੁਕ ਕੇ ਆਖਿਆ ਵੇਖ ਮੋਢਾ,
ਕਿਲਾਂ ਤੇਰਿਆਂ ਨੇ ਕੀਕੂੰ ਫਟਿਆ ਏ।
ਚੰਗੇ ਗੁਰੂ ਤੇ ਸਿਖ ਦਾ ਮੇਲ ਹੋਇਆ,
ਚੰਗਾ ਮੁਲ ਪਿਆਰ ਦਾ ਵਟਿਆ ਏ।

ਭਰ ਭਰ ਖੁਸ਼ੀ ਵਾਲੇ ਸਾਗਰ ਵਹਿਣ ਲਗੇ,
ਪਰਉਪਕਾਰਾਂ ਦੇ ਰਤਨ ਉਛਾਲਣੇ ਨੂੰ।
ਤੋੜੇ ਮੋਹਰਾਂ ਦੇ ਦਿਤੇ ਉਲੱਟ ਸਾਰੇ,
ਕੀਤਾ ਚਿਤ ਨਾ ਫੇਰ ਸੰਭਾਲਣੇ ਨੂੰ।
ਹੁਕਮ ਗੁਰਾਂ ਦਾ ਕਰਾਂਗੇ ਮੂੰਹ ਕਾਲਾ,
ਕਰੂ ਜਤਨ ਜੋ ਤਖਤ ਬਹਾਲਣੇ ਨੂੰ।
ਕਰ ਮੂੰਹ ਕਾਲਾ ਗਿਆ ਚੜ੍ਹ ਕੋਠੇ,
ਹੁਕਮ ਸਿਰੀ ਦਾਤਾਰ ਦਾ ਪਾਲਣੇ ਨੂੰ।

ਗੁਰੂ ਲਾਧੋ ਰੇ, ਲਾਧੋ ਰੇ, ਗੁਰੂ ਲਾਧੋ,
ਭੇਖੀ ਕੋਈ ਨਾ ਦੇਸ਼ ਨੂੰ ਠੱਗ ਜਾਵੇ।
ਕਾਲਾ ਮੂੰਹ ਕੀਤਾ ਮੇਰਾ ਵਿਗੜਦਾ ਕੀਹ,
ਬੇੜਾ ਕੌਮ ਦਾ ਪਾਰ ਜੇ ਲੱਗ ਜਾਵੇ।

ਸੂਰਜ ਚੜ੍ਹਿਆ ਤੇ ਹੋ ਗਏ ਲੋਪ ਤਾਰੇ,
ਗੁਰੂ ਮਿਲ ਪਿਆ ਭੁਲੀਆਂ ਸੰਗਤਾਂ ਨੂੰ।
ਭਵ ਸਿੰਧ ਵਿਚੋਂ ਪਾਰ ਕਰਨ ਵਾਲਾ,
ਤੁਲਾ ਲਭਿਆ ਡੁੀਲ੍ਹਆਂ ਸੰਗਤਾਂ ਨੂੰ।

-੫੭-