ਪੰਨਾ:ਉਸਦਾ ਰੱਬ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਬਾੜ

ਸਕੂਲ ਦਾ ਗੇਟ ਵੜਦਿਆਂ ਹੀ ਡੀ. ਈ. ਓ. ਇੰਦਰ ਹਰ ਇੱਕ ਸਕੂਲ ਨੂੰ ਚੁਫੇਰਿਓਂ ਘੋਖ ਕੇ ਵੇਖਣ ਦਾ ਆਦੀ ਹੋ ਗਿਆ | ਢਹੀ ਹੋਈ ਕੰਧ, ਉਖੜਿਆ ਪਿਆ ਗੇਟ, ਗੋਡਿਆਂ ਤੀਕ ਉਚੀਆਂ ਬਾਥਰੂਨ ਦੀਆਂ ਕੰਧਾਂ, ਰੁੱਖਾਂ ਦੀ ਡੱਬ ਖੜੱਬੀ ਛਾਵੇਂ ਬੈਠੇ ਬੱਚੇ, ਤੁਪਕਾ ਤੁਪਕਾ ਪਾਣੀ ਦਿੰਦਾ ਹੈਂਡ ਪੰਪ, ਬਿਨਾਂ ਬਲੈਕ ਬੋਰਡ ਤੋਂ ਕਾਪੀ ਤੇ ਕੰਮ ਸਾਰਦਾ ਅਧਿਆਪਕ, ਟਾਟਾਂ ਦੀ ਥਾਵੇਂ ਘਰੋਂ ਲਿਆਂਦੀ ਬੋਰੀ ਤੇ ਬੈਠੇ ਜੁਆਕ, ਅਧਿਆਪਕ ਕੁਰਸੀ ਦੀ ਟੁੱਟੀ ਹੋਈ ਬੈਂਤ ਅਤੇ ਕਿਹੜਾ ਅਧਿਆਪਕ ਨਵਾਂ ਅਤੇ ਘਟ ਤਜਰਬੇ ਵਾਲਾ ਹੋਵੇਗਾ, ਉਹ ਇਕੋ ਨਜ਼ਰੇ ਵੇਖ ਜਾਂਦਾ |...
ਨਵਦੀਪ ਦਾ ਇਸ ਸਕੂਲ ਵਿੱਚ ਪਹਿਲਾ ਹੀ ਦਿਨ ਸੀ । ਉਹ ਦੂਰ ਦੇ ਸਕੂਲੋਂ ਬਦਲ ਕੇ ਆਇਆ ਸੀ । ਉਹ ਅਜੇ ਜਮਾਤ 'ਚ ਬੈਠੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ । ਕੋਈ ਇੱਕ ਨੰਬਰ ਦੀ ਛੁੱਟੀ ਲੈ ਕੇ ਚਲਾ ਜਾਂਦਾ, ਕੋਈ ਦੋ ਨੰਬਰ ਦੀ । ਕੋਈ ਸ਼ਿਕਾਇਤ ਲੈ ਕੇ ਖੜ੍ਹਾ ਹੋ ਜਾਂਦਾ, ਕੋਈ ਬੇਕਸੂਰ ਵਜੋਂ ਸਫਾਈ ਪੇਸ਼ ਕਰਨ ਲਗਦਾ, ਕੋਈ ਛੇੜਖਾਨੀ ਕਰਕੇ ਬੜਾ ਸ਼ਰੀਫ ਜਿਹਾ ਬਣ ਕੇ ਬੈਠ ਜਾਂਦਾ । ਜੇ ਉਹ ਪੜ੍ਹਾਈ ਬਾਰੇ ਗੱਲ ਕਰਦਾ ਤਾਂ ਸਾਰੇ ਹੀ ਬੱਚੇ ਇਕਸੁਰ ਹੋਕੇ ਕਹਿੰਦੇ “ਹਾਲੇ ਤਾਂ ਜੀ ਕੁਸ਼ ਪੜ੍ਹਇਆ ਈ ਨ੍ਹੀ...ਪਰਾਣਾ ਮਾਸਟਰ ਨ੍ਹੀ ਤੀ ਕੁਸ ਪੜ੍ਹੋਂਦਾ !" ਜੇ ਉਹ ਪੜ੍ਹਨ ਨੂੰ ਕਹਿੰਦਾ ਤਾਂ ਕਹਾਣੀ ਕਢ ਕੇ ਕਵਿਤਾ ਬੋਲਣੀ ਸ਼ੁਰੂ ਕਰਦੇ । ਜੇ ਨਵਦੀਪ ਟੋਕਦਾ ਤਾਂ ਉਹ ਕਹਿੰਦੇ "ਲੈ ...ਐ ...ਇਹ ਵੀ ਹੈਗੀ ਲਿਖੀ ਬੀ ਇਸੇ ਕਤਾਬ 'ਚ ..ਦੇਖ ਲੋ ਚਾਹੇ ਕਢ ਕੇ ।" ਨਵਦੀਪ ਹਾਸਾ ਰੋਕ ਕੇ ਹਰਖ ਬੈਠਦਾ। ਉਹਨਾਂ ਨੂੰ ਹੋਰ ਪਰਖਣ ਲਈ ਉਹ ਸਵਾਲ ਲਿਖਾ ਕੇ ਦੇਖਦਾ । ਉਹ 148 ਨੂੰ 5 ਨਾਲ ਗੁਣਾ ਕਰਕੇ ਵੀ 52040 (1x5, 4x5, 8x5) ਜੁਆਬ ਕਢਕੇ ਉਹਨੂੰ ਹੈਰਾਨ ਕਰ ਦਿੰਦੇ । ਜੇ ਨਵਦੀਪ ਪੁੱਛਦਾ ਬਈ ਹਾਸਲ ਕਿਉਂ ਨਹੀਂ ਜੋੜੇ ਤਾਂ ਜੁਆਬ ਦਿੰਦੇ "ਹਾਸਲ ਨ੍ਹੀ ਮਾਸਟਰ ਜੀ ਉਰੇ ਕੋਈ ਜੋੜਦਾ !
ਡੀ. ਈ. ਓ. ਨਵਦੀਪ ਦੀ ਹੀ ਜਮਾਤ ਵੱਲ ਨੂੰ ਆ ਰਿਹਾ ਸੀ । ਉਹ ਅਫਸਰ ਨੂੰ ਦੂਰੋਂ ਦੇਖ ਕੇ ਪਛਾਣ ਸਕਦਾ ਸੀ । ਉਸ ਸਕੂਲ ਦੀ ਮੁਖੀ ਹੈਡਮਿਸਟਰੈਸ ਸੀ ਜਿਹੜੀ ਬੀ.ਈ.ਓ. ਦੇ ਦਫ਼ਤਰ ਕਿਸੇ ਸਰਕਾਰੀ ਕੰਮ ਗਈ ਸੀ । ਇੱਕ ਅਧਿਆਪਕ ਛੁੱਟੀ ਤੇ ਸੀ ਤੇ ਬਾਕੀ ਤਿੰਨ ਅਧਿਆਪਕਾਵਾਂ ਆਪੋ ਆਪਣੀਆਂ ਜਮਾਤਾਂ ਵਿੱਚ ਡਟੀਆਂ ਹੋਈਆਂ ਸਨ । ਇੰਦਰ ਨਵਦੀਪ ਦੀ ਜਮਾਤ ਵਿੱਚ ਹੀ ਉਸਦੀ ਕੁਰਸੀ ਤੇ ਬੈਠ ਗਿਆ। ਉਹ ਖੜ੍ਹਾ ਖੜ੍ਹਾ ਜਮਾਤ ਦੇ ਬੱਚਿਆਂ ਬਾਰੇ ਸੋਚਦਾ ਰਿਹਾ । ਜਿਨ੍ਹਾਂ ਨੂੰ ਅਜੇ ਕੁਝ ਵੀ ਨਹੀਂ ਸੀ।