ਪੰਨਾ:ਏਸ਼ੀਆ ਦਾ ਚਾਨਣ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਨੂੰ ਤੁਹਾਡੇ ਗੁਲਾਬੀ ਚਮਨਾ ਤੇ ਸੁਪਨਿਆਂ ਵਿਚ ਲੜਾਈ, ਸ਼ਿਕਾਰ ਤੇ ਦੁਨੀਆ ਦੇ ਕੰਮਾਂ ਨਾਲੋਂ ਬਹੁਤੀ ਮਨੁਖ-ਤ੍ਹ ਦੀ ਸਿਖਿਆ ਦਿਤੀ? ਪਰ ਹੁਣ ਤੁਸੀ ਸੁਹਣੇ ਕੰਵਰ, ਉਹ ਖ਼ਜ਼ਾਨਾ ਸਵੀਕਾਰ ਕਰੋ ਜਿਹੜਾ ਤੁਸਾਂ ਜਿੱਤਿਆ ਹੈ।"

ਇਹ ਸੁਣਦਿਆਂ ਇਕ ਸੁੰਦਰ ਕੁੜੀ ਆਪਣੀ ਥਾਓਂ ਭੀੜ ਚੋਂ ਉੱਠੀ, ਤੇ ਮੋਂਗਰੇ ਫੁੱਲਾਂ ਦਾ ਸਿਹਰਾ ਹਥ ਵਿਚ ਫੜ ਕੇ ਮਲਕੜੇ ਆਪਣੇ ਮਸਤਕ ਤੋਂ ਸੋਨੇ ਨਾਲ ਕੱਢਿਆ ਕਾਲਾ ਘੁੰਡ ਲਾਹਿਆ, ਤੇ ਬੜੇ ਮਾਨ ਨਾਲ ਯੁਵਕਾਂ ਵਿਚੋਂ ਤਰਦੀ ਉਥੇ ਆਈ ਜਿੱਥੇ ਕਾਲੇ ਘੋੜੇ ਤੋਂ ਉਤਰ ਕੇ ਸਿਧਾਰਥ ਰੱਬੀ ਸ਼ੋਭਾ ਵਿਚ ਖੜੋਤਾ ਸੀ, ਤੇ ਘੋੜੇ ਦੀ ਤਕੜੀ ਧੌਣ ਉਹਦੀ ਬਾਂਹ ਹੇਠਾਂ ਸਨਿਮ੍ਰ ਝੁਕੀ ਸੀ। ਕੰਵਰ ਦੇ ਰੂਬਰੂ ਉਸ ਪ੍ਰਣਾਮ ਕੀਤਾ। ਤੇ ਪ੍ਰਸੰਨ ਪ੍ਰੇਮ ਨਾਲ ਟਹਿਕਦਾ ਆਕਾਸ਼ੀ ਮੁਖ ਨੰਗਾ ਕੀਤਾ, ਫੇਰ ਉਸ ਦੇ ਗਲ ਵਿਚ ਉਹ ਸੁਗੰਧਤ ਸਿਹਰਾ ਪਾਇਆ, ਤੇ ਉਸ ਦੀ ਹਿਕ ਉਤੇ ਆਪਣਾ ਸੰਪੂਰਣ ਸਿਰ ਰਖਿਆ, ਤੇ ਉਹਦੇ ਚਰਨਾਂ ਨੂੰ ਮਾਨ-ਮੱਤੀਆਂ ਖ਼ੁਸ਼ ਅੱਖੀਆਂ ਨਾਲ ਛੁਹਣ ਲਈ ਝੁਕੀ, ਮੁਖੋਂ ਇਹ ਕਹਿੰਦੀ ਹੋਈ: "ਪ੍ਰਿਯ ਕੰਵਰ, ਵੇਖੋ ਮੈਨੂੰ ਜਿਹੜੀ ਹੁਣ ਤੁਹਾਡੀ ਹੈ।" ਤੇ ਸਭ ਲੋਕਾਈ ਉਹਨਾਂ ਦੇ ਹੱਥ ਵਿਚ ਹੱਥ ਵੇਖ ਤੇ ਦਿਲ ਨਾਲ ਦਿਲ ਧੜਕਦੇ ਸੁਣ ਕੇ ਖ਼ੁਸ਼ ਹੋਈ; ਸੋਨੇ ਜੜਿਆ ਕਾਲਾ ਘੁੰਡ ਹੁਣ ਫੇਰ ਹੇਠਾਂ ਡਿੱਗਾ ਹੋਇਆ ਸੀ।

੩੩