ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਧ ਤੇ 'ਮਾਰ'


ਅਪੜੇ ਬੁੱਧ ਨਿਰਵਾਣ ਨੂੰ
ਤਾਂ 'ਮਾਰ'[1] ਆਖੇ
'ਤੁਸੀਂ ਮੁਕਤ ਹੋ
ਦੁੱਖ ਕੁਰਾਹ ਸਮਾਪਤ ਹੋਇਆ
ਜਾਓ ਹੋਵੋ ਲੀਨ ਅਨੰਤ 'ਚ
ਬਿਨਸਨਹਾਰੇ ਜਗ ਅੰਦਰ ਹੁਣ ਕਿਸ ਲਈ ਰਹਿਣਾ?'

ਬੁੱਧ ਆਖਣ...

"ਮੇਰੀ ਤ੍ਰੇਹ ਹੁਣ ਉਹ ਨਹੀਂ ਜਿਹੜੀ
ਘਰ ਤਿਆਗਣ ਸਮੇਂ ਸਿਧਾਰਥ ਨੂੰ ਲੱਗੀ
ਮੇਰੇ ਵਿਚ ਉਸ ਬੁੱਢੇ ਤੇ
ਮੁਰਦੇ ਦੀ ਪਿਆਸ ਵੀ ਸ਼ਾਮਲ ਹੈ
ਦਰਸ ਜਿੰਨ੍ਹਾਂ ਦਾ ਮੈਨੂੰ ਮਹਿਲੋਂ ਕੱਢ ਲਿਆਇਆ
ਮੇਰੇ ਪਿੰਡੇ ਰਚਿਆ ਅੰਨਜਲ ਦਾ ਹਰ ਦਾਣਾ-
ਹਰ ਗੁਰੂ ਤੇ ਗ੍ਰੰਥ ਜਿੰਨ੍ਹਾਂ ਦਾ ਗਿਆਨ ਅਧੂਰਾ-
ਸਭਨਾਂ ਦੀ ਜੀਭਾ ਹੈ ਸੁੱਕੀ

ਏਸ ਨਦੀ ਦੀ ਪਿਆਸ ਵੀ ਮੇਰੀ
ਜਿਸ ਵਿਚ ਰੁੜ੍ਹ ਮੈ ਬੋਧ ਬਿਰਖ ਤੱਕ ਪੁੱਜਾ
ਏਸ ਬਿਰਖ ਦੀ ਤ੍ਰੇਹ ਵੀ ਮੈਨੂੰ
ਜਿਸ ਦੀ ਛਾਂ ਮੈਨੂੰ ਬੁੱਧ ਕੀਤਾ
ਮੈਂ ਤਾਂ ਓਨ੍ਹਾਂ ਸਭਨਾਂ ਲਈ ਵੀ ਪਾਣੀ ਚਾਹਾਂ
ਜਿਹੜੇ ਹਾਲੇ ਤੱਕ ਅਣਜਾਣ
ਤ੍ਰੇਹ ਆਪਣੀ ਤੋਂ ...

ਜਦ ਤਕ ਮੈਨੂੰ ਸਭਨਾਂ ਲਈ ਪਾਣੀ ਨਾ ਮਿਲਦਾ
ਮੇਰੀ ਤ੍ਰੇਹ ਤ੍ਰਿਪਤ ਨਹੀਂ
ਮੇਰਾ ਰਾਹ ਸਮਾਪਤ ਨਹੀਂ
ਇਹ ਨਿਰਵਾਣ ਸੰਪੂਰਨ ਨਹੀਂ..."

(53)

  1. 'ਮਾਰ': ਕਾਮ