ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ




ਤੇਰਾ ਬੀਜ ਹੈ ਨਵਾਂ ਨਵੇਕਲ
ਆਪਣੇ ਵਰਗਾ ਇੱਕੋ ਹੀ ਇਕ
ਜੇ ਤੂੰ ਇਸਨੂੰ ਖਿੜਣ ਦਵੇਂ ਤਾਂ ਹੋ ਸਕਦਾ
ਇਸਦਾ ਖੇੜਾ ਹੋਵੇ ਮੇਰੇ ਤੋਂ ਵੀ ਵੱਡਾ!"

ਮੈਂ ਅੱਖਾਂ ਭਰ ਕਹਿੰਦਾ ਹਾਂ
'ਮੈਨੂੰ ਖਿੜਣਾ ਹੀ ਨਾ ਆਵੇ
ਹੋ ਸਕਦਾ ਹੈ ਤੇਰੀ ਛੋਹ ਮੈਨੂੰ ਪਰਤਾਵੇ...'

ਮੇਰੇ ਸਿਰ ਤੇ ਹੱਥ ਧਰ ਕਹਿੰਦਾ...

"ਜਿਵੇਂ ਜਾਗਣਾ ਨੀਂਦਰ ਅੰਦਰ ਲੁੱਕਿਆ ਰਹਿੰਦਾ
ਓਵੇਂ ਖਿੜਣਾ ਫੁੱਲ ਦੇ ਅੰਦਰ ਲੁੱਕਿਆ ਰਹਿੰਦਾ
ਤੂੰ ਮੇਰੇ ਤੋਂ ਬੇਮੁਖ ਹੋ ਜਾ!
ਆਪਣਾ ਮੁਖ ਅਪਣੇ ਵੱਲ ਕਰ ਲੈ
ਮੇਰੇ ਸਰਵਰ ਤੇ ਨਾ ਆ
ਜਾਹ! ਆਪਣਾ ਪਾਣੀ ਆਪਣੀ ਜੜ੍ਹ ਨੂੰ ਲਾ
ਜਿਸ ਪਲ ਤੇਰਾ ਫੁੱਲ ਤੁਧ ਅੰਦਰੋਂ ਅੱਖ ਖੋਲ੍ਹੇਗਾ
ਓਦੋਂ ਉਸਨੂੰ ਦਿਸੇਗਾ...
ਤੇਰੇ ਫੁੱਲ ਦੇ ਬਿਲਕੁਲ ਨੇੜੇ
ਆਪਣੀ ਟਾਹਣੀ ਉੱਤੇ
ਮੈਂ ਖਿੜਿਆ ਹੋਵਾਂਗਾ...!

(60)