ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਬਿਰਹੋਂ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ।
ਮੁੜ ਨਾ ਲਈ ਹੈਂ ਸਾਰ ਹਮਾਰੀ, ਪੱਤੀਆਂ ਤੇਰੀਆਂ ਕੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਨੇਹੁ ਲਗਾ ਕੇ ਮਨ ਹਰ ਲੀਤਾ, ਫੇਰ ਨਾ ਆਪਣਾ ਦਰਸ਼ਨ ਦੀਤਾ।
ਜ਼ਹਿਰ ਪਿਆਲਾ ਮੈਂ ਆਪੇ ਪੀਤਾ, ਅਕਲੋਂ ਸੀ ਮੈਂ ਕੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਸ਼ਾਹ ਅਨਾਇਤ ਮੁੱਖੋਂ ਨਾ ਬੋਲਾਂ, ਸੂਰਤ ਤੇਰੀ ਹਰ ਦਿਲ ਟੋਲਾਂ।
ਸਾਬਤ ਹੋ ਕੇ ਫੇਰ ਕਿਉਂ ਡੋਲਾਂ, ਅੱਜ ਕੋਲੋਂ ਮੈਂ ਸੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ ਵੇ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।

ਚੱਲੋ ਦੇਖੀਏ ਉਸ ਮਸਤਾਨੜੇ ਨੂੰਚੱਲੋ ਦੇਖੀਏ ਉਸ ਮਸਤਾਨੜੇ ਨੂੰ, ਜਿਦ੍ਹੀ ਤਿ੍ੰੰਞਣਾ ਦੇ ਵਿਚ ਪਈ ਏ ਧੁੰਮ। ਟੇਕ।
ਉਹ ਤੇ ਮੈ ਵਹਦਤ ਵਿਚ ਰੰਗਦਾ ਏ, ਨਹੀਂ ਪੁੱਛਦਾ ਜ਼ਾਤ ਦੇ ਕੀ ਹੋ ਤਮ।
ਜਿਦ੍ਹਾ ਸ਼ੋਰ ਚੁਫੇਰੇ ਪੈਂਦਾ ਏ, ਉਹ ਕੋਲ ਤੇਰੇ ਨਿੱਤ ਰਹਿੰਦਾ ਏ।
ਨਾਲੇ ਨਾਹਨ ਅਕਰਬ ਕਹਿੰਦਾ ਏ, ਨਾਲੇ ਆਖੇ ਵਫ਼ੀਆ-ਨਫੋਸਾ-ਕੁਮ।
ਛੱਡ ਝੂਠ ਭਰਮ ਦੀ ਬਸਤੀ ਨੂੰ, ਕਰ ਇਸ਼ਕ ਦੀ ਕਾਇਮ ਮਸਤੀ ਨੂੰ।
ਗਏ ਪਹੁੰਚ ਸਜਣ ਦੀ ਹਸਤੀ ਨੂੰ, ਜਿਹੜੇ ਹੋ ਗਏ ਸੰਮ-ਬੁਕਮੁਨ-ਉਮ।
ਨਾ ਤੇਰਾ ਏ ਨਾ ਮੇਰਾ ਏ, ਜਗ ਫ਼ਾਨੀ ਝਗੜਾ ਝੇੜਾ ਏ।
ਬਿਨਾ ਮੁਰਸ਼ਦ ਰਹਿਬਰ ਕਿਹੜਾ ਏ, ਪੜ੍ਹ ਫ਼ਾਜ਼-ਕਰੂਨੀ-ਅਜ਼-ਕੁਰ-ਕੁਮ।
ਬੁਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ, ਜਿਨ੍ਹਾਂ ਲਗ ਗਈ ਤਾਂਘ ਨਜ਼ਾਰੇ ਦੀ।
ਦੱਸ ਪੈਂਦੀ ਘਰ ਵਣਜਾਰੇ ਦੀ, ਹੈ ਯਦਉੱਲਾ-ਫ਼ੌਕਾ-ਐਦੀ-ਕੁਮ।

47