ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਰੋਂ ਪਾਂਡੋ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ।
ਮਾਰਨ ਭਾਈ ਸਕਿਆਂ ਭਾਈਆਂ, ਕੀ ਓਥੇ ਨਿਆਂ ਨਿਤਾਰਿਆ ਈ।
ਨਮਰੂਦ ਨੇ ਵੀ ਖੂਦਾ ਸਦਾਇਆ, ਉਸ ਨੇ ਰਬ ਨੂੰ ਤੀਰ ਚਲਾਇਆ।
ਮੱਛਰ ਤੋਂ ਨਮਰੂਦ ਮਰਵਾਇਆ, ਕਾਰੂੰ ਜ਼ਮੀਂ ਨਿਘਾਰਿਆ ਈ।
ਫ਼ਰਔਨ ਨੇ ਜਦੋਂ ਖ਼ੁਦਾ ਕਹਾਇਆ, ਨੀਲ ਨਦੀ ਦੇ ਵਿਚ ਆਇਆ।
ਓਸੇ ਨਾਲ ਅਸ਼ਟੰਡ ਜਗਾਇਆ ਖ਼ੁਦੀਓਂ ਕਰ ਤਨ ਮਾਰਿਆ ਈ।
ਲੰਕਾ ਚੜ੍ਹ ਕੇ ਨਾਦ ਬਜਾਇਓ, ਲੰਕਾ ਰਾਮ ਕੋਲੋਂ ਲੁਟਵਾਇਓ।
ਹਰਨਾਕਸ਼ ਕਿੱਤਾ ਬਹਿਸ਼ਤ ਬਨਾਇਓ, ਉਹ ਵਿਚ ਦਰਵਾਜ਼ੇ ਮਾਰਿਆ ਈ।
ਸੀਤਾ ਦਹਿਸਰ ਲਈ ਬੇਚਾਰੀ, ਤਦ ਹਨੂਵੰਤ ਨੇ ਲੰਕਾ ਸਾੜੀ।
ਰਾਵਣ ਦੀ ਸਭ ਢਾਹ ਅਟਾਰੀ, ਓੜਕ ਰਾਵਣ ਮਾਰਿਆ ਈ।
ਗੋਪੀਆਂ ਨਾਲ ਕੀ ਚੱਜ ਕਮਾਇਆ, ਮੱਖਣ ਕਾਨ੍ਹ ਤੋਂ ਲੁਟਵਾਇਆ।
ਰਾਜੇ ਕੰਸ ਨੂੰ ਪਕੜ ਮੰਗਾਇਆ, ਬੋਦੀਉਂ ਪਕੜ ਪਛਾੜਿਆ ਈ।
ਆਪੇ ਚਾ ਇਮਾਮ ਬਣਾਇਆ, ਉਸ ਦੇ ਨਾਲ ਯਜ਼ੀਦ ਲੜਾਇਆ।
ਚੋਧੀ ਤਬਕੀ ਸ਼ੋਰ ਮਚਾਇਆ, ਸਿਰ ਨੇਜ਼ੇ ਤੇ ਚਾੜ੍ਹਿਆ ਈ।
ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ।
ਸਭ ਅਸ਼ਰਾਫ਼ ਫਿਰਨ ਚੁੱਪ ਕੀਤੇ, ਭਲਾ ਉਨ੍ਹਾਂ ਨੂੰ ਝਾੜਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ।
ਰੋਸ਼ਨ ਜਗ ਵਿਚ ਨਾਮ ਹਮਾਰਾ, ਨੂਰੋਂ ਸਿਰਜ ਉਤਾਰਿਆ ਈ।

ਰਾਤੀਂ ਜਾਗੇਂ ਕਰੇਂ ਇਬਾਦਤ

ਰਾਤੀਂ ਜਾਗੇ ਕਰੇਂ ਇਬਾਦਤ।
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੇ।
ਭੌਕਣੋਂ ਬੰਦ ਮੂਲ ਨਾ ਹੁੰਦੇ।
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ।
ਖ਼ਸਮ ਆਪਣੇ ਦਾ ਦਰ ਨਾ ਛੱਡਦੇ।
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ।

82