ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਚੂੰਡੀ ਵੱਢਿਆਂ ਦਰਦ ਨ ਪੀੜ ਤੇਰਾ ਜੇਹਾ ਖ਼ੂਨ ਸਰੀਰ ਦਾ ਸੌਂ ਗਿਆ ਨੀਂ
ਲਾਹੌਰੀ ਸੁੱਖ ਨ ਨਿੱਕੀ ਜਿਹੀ ਜਿੰਦੜੀ ਨੂੰ ਹਾਇ ਦੁਖਾਂ ਦੇ ਵਿੱਚ ਪਰੋਗਿਆਨੀਂ

ਖੇੜਿਆਂ ਦਾ ਪਰੇਸ਼ਾਨ ਹੋਣਾ ਤੇ ਸਹਿਤੀ ਨੇ ਜੋਗੀ ਮਾਂਦਰੀ ਕਾਲੇ ਬਾਗ਼ ਦਾ ਪਤਾ ਦੇਣਾ

ਹੀਰ ਪਈ ਬੀਮਾਰ ਨ ਸੁਰਤ ਕੋਈ ਕੱਠਾ ਹੋਇਆ ਗਿਰਦ ਪਰਵਾਰ ਹੈ ਜੀ
ਰੋਵੇ ਸੱਸ ਸਹੁਰਾ ਸੈਦਾ ਮਾਰ ਆਹੀਂ ਜਿਸ ਦੀ ਹੀਰ ਸੋਹਣੀ ਸੁੰਦ੍ਰ ਨਾਰ ਹੈ ਜੀ
ਨਿੱਜ ਜਾਂਦੀਆਂ ਖੇਤ ਨਿਨਾਣ ਭਾਬੀ ਘਰ ਹੀਰ ਨੂੰ ਆਂਦੜਾ ਮਾਰ ਹੈ ਜੀ
ਵੇਖਣ ਆਈਆਂ ਹੀਰ ਨੂੰ ਸੱਪ ਲੜਿਆ ਪਈ ਪਿੰਡ ਦੇ ਵਿੱਚ ਪੁਕਾਰ ਹੈ ਜੀ
ਸਹਿਤੀ ਆਖਿਆ ਫ਼ਕਰ ਹੈ ਬਾਗ਼ ਕਾਲੇ ਸੁਣਿਆਂ ਮਾਂਦ੍ਰੀ ਓਹਖ਼ਬਰਦਾਰ ਹੈ ਜੀ
ਸਬਨਾ ਆਖਿਆ ਜ਼ਰਾ ਨਾ ਢਿੱਲ ਲਾਵੋ ਸੱਦੋ ਓਸਨੂੰ ਹੀਰ ਲਾਚਾਰ ਹੈ ਜੀ
ਲਾਓ ਵਾਹ ਝਬਦੇ ਜੇਹੜੀ ਲੱਗਦੀ ਜੇ ਨੂੰਹ ਨਾਲ ਸੋਹੇ ਘਰ ਬਾਰ ਹੈ ਜੀ
ਘੋੜੀ ਕੱਸਕੇ ਹੱਥ ਲਗਾਮ ਪਕੜੀ ਸੈਦਾ ਚਲਿੱਆ ਹੋ ਅਸਵਾਰ ਹੈ ਜੀ
ਰੱਖੇ ਹੀਰ ਦੀ ਜ਼ਿੰਦਗੀ ਰੱਬ ਸੱਚਾ ਬਖ਼ਸ਼ਣ ਹਾਰ ਓਹ ਦੇਵਣਹਾਰ ਹੈ ਜੀ
ਲਾਹੌਰਾ ਸਿੰਘ ਮੁਸੱਵਰ ਨੇ ਦੱਸ ਪਾਈ ਜੋਗੀ ਮਾਂਦਰੀ ਓਹ ਹੁਸ਼ਿਆਰ ਹੈ ਜੀ

ਸੈਦੇ ਦੀ ਜੋਗੀ ਅੱਗੇ ਅਰਜ਼

ਸੈਦੇ ਜੋੜਕੇ ਹੱਥ ਸਲਾਮ ਕੀਤਾ ਬੈਠ ਆਖਿਆ ਸੱਭ ਐਹਵਾਲ ਸਾਈਂ
ਰੁੜ੍ਹੀ ਜਾਂਦੜੀ ਬੇੜੀ ਨੂੰ ਪਾਰ ਲਾਈਂ ਮੇਰੀ ਅਰਜ਼ ਸੁਣ ਨਾਲ ਖ਼ਿਆਲ ਸਾਈਂ
ਸੁਆਣੀ ਹੀਰ ਮੇਰੀ ਪੈਰੀ ਨਾਗ ਲੜਿਆ ਤੁਸੀ ਜਾਨਦੇ ਹੋ ਕੀਲ ਕਾਲ ਸਾਈਂ
ਮੰਨੋ ਅਰਜ਼ ਤੇ ਜਾਣਗੇ ਦੁੱਖ ਮੇਰੇ ਕਰੋ ਮੇਹਰਬਾਨੀ ਚੱਲੋ ਨਾਲ ਸਾਈਂ
ਖੇੜੇ ਰਹਿਣਗੇ ਸਦਾ ਗ਼ੁਲਾਮ ਤੇਰੇ ਆਦਰ ਕਰਣਗੇ ਝੰਗ ਸਿਆਲ ਸਾਈਂ
ਨਾ ਮੈਂ ਖਾਧੀਆਂ ਪੱਕੀਆਂ ਓਸਦੀਆਂ ਡਿਠਾ ਅਜੇ ਨਾ ਹੁਸਨ ਜਮਾਲ ਸਾਈਂ
ਅਸਾਂ ਗੋਦੜੀ ਦੇ ਵਿਚ ਲਾਲ ਸੁਣਿਆਂ ਬਾਲਨਾਥ ਦੇ ਹੋ ਤੁਸੀਂ ਬਾਲ ਸਾਈਂ
ਮਣਕਾ ਲਾ ਕੋਈ ਚੱਲ ਘੱਤ ਝਾੜਾ ਬੂਟੀ ਜੜੀ ਚਾ ਕੋਈ ਪਿਆਲ ਸਾਈਂ
ਟੁਰੀ ਜਾਂਦੜੀ ਏ ਅੱਜ ਹੀਰ ਦੌਲਤ ਸ਼ਾਹ ਚਲਿਆ ਹੋ ਕੰਗਾਲ ਸਾਈਂ