ਪੰਨਾ:ਕੂਕਿਆਂ ਦੀ ਵਿਥਿਆ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੯੮
ਕੂਕਿਆਂ ਦੀ ਵਿਥਿਆ

ਕਾਰੇ ਰਾਤ ਨੂੰ ਕੀਤੇ ਗਏ ਸਨ ਇਸ ਲਈ ਕੋਈ ਪੱਕੀ ਗਵਾਹੀ ਨਾ ਮਿਲ ਸਕੀ। ਗੁਜਰਾਂਵਾਲੇ ਸ਼ਹਿਰੋਂ ਬਾਹਰ ਹੁਸੈਨ ਸ਼ਾਹ ਦੀ ਖਾਨਗਾਹ ਤੇ ਪੀਰ ਗੁਦੜੀ ਦੇ ਮਜ਼ਾਰ ਦੀ ਬੇਅਦਬੀ ਕੀਤੀ ਗਈ।

ਭਾਵੇਂ ਸਰਕਾਰ ਵਲੋਂ ਸਜ਼ਾਵਾਂ ਤੇ ਤਾੜਨਾਂ ਦਾ ਡਰ ਸੀ ਯਾ ਭਾਈ ਰਾਮ ਸਿੰਘ ਵਲੋਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ (ਜਿਸ ਦਾ ਜ਼ਿਕਰ ਕਿ ਖੁਦ ਭਾਈ ਰਾਮ ਸਿੰਘ ਨੇ ਅਨੰਦਪੁਰ ਦੇ ਮੇਲੇ ਤੇ ੧੯ ਮਾਰਚ ਸੰਨ ੧੮੬੭ ਨੂੰ ਕਰਨਲ ਮੈਕਐਂਡਰੀਉ ਨਾਲ ਗੱਲਬਾਤ ਵਿਚ ਕੀਤਾ ਸੀ) ਦਾ ਅਸਰ ਸੀ, ਸੰਨ ੧੮੬੭ ਦੇ ਅਖੀਰ ਵਿਚ ਇਹ ਕਬਰ-ਤੋੜ ਤੇ ਮੜੀ-ਢਾਹ ਲਹਿਰ ਬਹੁਤ ਕੁਝ ਢਿੱਲੀ ਪੈ ਗਈ ਅਤੇ ੧੮੬੮ ਵਿਚ ਬਿਲਕੁਲ ਦਬ ਗਈ। ਕੂਕਿਆਂ ਦੀਆਂ ਦੋ ਸਾਲ ਦੀਆਂ ਇਸ ਕਿਸਮ ਦੀਆਂ ਸਰਗਰਮੀਆਂ ਨੇ ਆਮ ਲੋਕਾਂ ਵਿਚ ਭੀ ਇਨ੍ਹਾਂ ਨੂੰ ਜ਼ਿਆਦਾ ਨੇਕ-ਨਾਮ ਨਾ ਰਹਿਣ ਦਿੱਤਾ ਅਤੇ ਇਸ ਬਦਨਾਮੀ ਦਾ ਕੁਝ ਹਿੱਸਾ ਕੁਦਰਤੀ ਤੌਰ ਤੇ ਭਾਈ ਰਾਮ ਸਿੰਘ ਦੇ ਹਿੱਸੇ ਭੀ ਆਇਆ। ਲੋਕਾਂ ਵਿਚ ਇਹ ਖਿਆਲ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਲੋਕਾਂ ਦੀਆਂ ਕਬਰਾਂ ਤੇ ਧਰਮ-ਅਸਥਾਨ ਢਾਹਣ ਦੇ ਕੂਕਿਆਂ ਦੇ ਕਾਰੇ ਭਾਈ ਰਾਮ ਸਿੰਘ ਦੇ ਉਪਦੇਸ਼ਾਂ ਦਾ ਸਿੱਟਾ ਹੈ, ਅਤੇ ਜੇ ਓਹ ਇਹ ਸਭ ਕੁਝ ਉਨ੍ਹਾਂ ਦੇ ਹੁਕਮ ਅਨੁਸਾਰ ਕਰਦੇ ਹਨ ਤਾਂ ਉਨਾਂ ਦੇ ਉਪਦੇਸ਼ ਕੁਝ ਬਹੁਤ ਚੰਗੇ ਨਹੀਂ ਹੋ ਸਕਦੇ।