ਪੰਨਾ:ਕੂਕਿਆਂ ਦੀ ਵਿਥਿਆ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦

ਬਾਬਾ ਬਾਲਕ ਸਿੰਘ ਚੂੰਕਿ ਅੰਤ ਤਕ ਆਪਣੇ ਆਪ ਨੂੰ ਭਾਈ ਲਿਖਦੇ ਰਹੇ ਹਨ, ਇਸ ਲਈ ਅਸੀਂ ਭੀ ਪੁਸਤਕ ਵਿਚ ਇਹ ਪਦ ਹੀ ਉਨ੍ਹਾਂ ਲਈ ਵਰਤਿਆ ਹੈ, ਹੋਰ ਕੋਈ ਪਦ, ਜੋ ਸ਼ਾਇਦ ਉਨ੍ਹਾਂ ਦੀ ਇੱਛਾ ਦੇ ਵਿਰੁਧ ਹੋਵੇ, ਵਰਤਣਾ ਯੋਗ ਨਹੀਂ ਸਮਝਿਆ। ਇਸੇ ਤਰਾਂ ਹੀ ਬਾਬਾ ਰਾਮ ਸਿੰਘ ਭੀ ਚੁੰਕਿ 'ਭਾਈ' ਹੀ ਕਹਾਉਂਦੇ ਸਨ, ਇਸ ਲਈ ਅਸੀਂ ਸ਼ੁਰੂ ਵਿਚ ਇਹ ਹੀ ਲਿਖਿਆ ਹੈ। ਅੰਤ ਵਿਚ ਉਨ੍ਹਾਂ ਦੀ ਅਵਸਥਾ ਤੇ ਸਨਮਾਨ ਨੂੰ ਮੁੱਖ ਰੱਖ ਕੇ ਅਸਾਂ 'ਬਾਬਾ’ ਲਿਖਿਆ ਹੈ।

ਵਾਕਿਆਤ ਦੀ ਸੰਗਲੀ ਸਾਨੂੰ ਇਸ ਨਤੀਜੇ ਤੇ ਲੈ ਜਾਂਦੀ ਹੈ ਕਿ ਬਾਬਾ ਰਾਮ ਸਿੰਘ ਨਾ ਤਾਂ ਓਹ ਕੁਝ ਹੀ ਸਨ ਜੋ ਕੁਝ ਕਿ ਉਨ੍ਹਾਂ ਨੂੰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਓਹ ਜੋ ਕੂਕਿਆਂ ਦੇ ਵਿਰੋਧੀ ਉਨ੍ਹਾਂ ਨੂੰ ਪੇਸ਼ ਕਰਦੇ ਹਨ ਪਰ ਇਸ ਵਿਚ ਕਸੂਰ ਉਨ੍ਹਾਂ ਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਕੁਝ ਹੋਰ ਦਾ ਹੋਰ ਹੀ ਬਣਾ ਕੇ ਦੱਸਣਾ ਚਾਹਿਆ ਹੈ, ਨਤੀਜਾ ਇਹ ਹੋਇਆ ਹੈ ਕਿ ਕੂਕਿਆਂ ਦੀਆਂ ਗੱਲਾਂ ਦੇ ਵਿਰੋਧੀਆਂ ਨੇ ਭਾਈ ਰਾਮ ਸਿੰਘ ਨੂੰ ਉਹ ਕੁਝ ਭੀ ਪ੍ਰਵਾਨ ਕਰਨੋਂ ਨਾਂਹ ਕਰ ਦਿੱਤੀ ਹੈ ਜੋ ਕੁਝ ਕਿ ਓਹ ਅਸਲ ਵਿਚ ਸਨ। ਜੇ ਇਹ ਉਨ੍ਹਾਂ ਨੂੰ ਫਰਜ਼ੀ ਕਹਾਣੀਆਂ ਤੇ ਭਵਿਖ-ਬਾਣੀਆਂ ਦੇ ਆਸਰੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦਾ ਜਾ-ਨਸ਼ੀਨ ਗੁਰੂ ਬਣਾਉਣ ਦੀ ਇਤਿਹਾਸ ਵਿਰੁਧ ਕੋਸ਼ਿਸ਼ ਨਾ ਕਰਦੇ, ਜਿਸ ਦੀ ਕਿ ਖੁਦ ਬਾਬਾ ਜੀ ਨੇ ਵੀ ਆਪਣੀਆਂ ਚਿੱਠੀਆਂ ਵਿਚ ਥਾਂ ਥਾਂ ਤੇ ਜ਼ੋਰਦਾਰ ਨਿਖੇਧੀ ਕੀਤੀ ਹੈ, ਤਾਂ ਉਨ੍ਹਾਂ ਨਾਲ ਅਨਿਆਏ ਨਾ ਹੁੰਦਾ, ਅਤੇ ਓਹ ਇਕ ਸਿਖ ਸੁਧਾਰਕ ਲਹਿਰ ਦੇ ਚੰਗੇ ਭਲੇ ਆਗੂ ਮੰਨੇ ਜਾਂਦੇ।

ਖ਼ਾਲਸਾ ਕਾਲਜ ਅੰਮ੍ਰਿਤਸਰ

੨੬ ਜੂਨ ੧੯੪੪

ਗੰਡਾ ਸਿੰਘ