ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੫. ਮੇਰੀ ਦੁਨੀਆਂ.

ਕੋਈ ਕਹਿ ਛਡੇ, ਇਹ ਖ਼ਿਆਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੧. ਏ ਦੁਨੀਆਂ ਤੇ ਮੈਂ ਹੀ ਵਸਾਈ ਹੋਈ ਹੈ,
ਬੜੇ ਜਤਨ ਕਰ ਕਰ ਸਜਾਈ ਹੋਈ ਹੈ,
ਗ਼ਲਤ ਹੈ, ਕਿ ਸੁਹਜਾਂ ਤੋਂ ਖ਼ਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੨. ਜੇ ਖੋਟੀ ਹੈ, ਮੈਂ ਇਸ ਨੂੰ ਸਮਝਾ ਲਵਾਂਗਾ,
ਜੇ ਟਿਕਦੀ ਨਹੀਂ, ਤਾਂ ਮੈਂ ਅਟਕਾ ਲਵਾਂਗਾ,
ਪਿਆਰਾਂ ਤੇ ਵਿਛ ਜਾਣ ਵਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੩. ਤਿਆਗੀ ! ਏ ਮੇਰੇ ਤੇ ਮੂੰਹ ਲਗ ਚੁਕੀ ਹੈ,
ਜਵਾਨੀ ਦੀ ਛੁਹ, ਪਰਖ ਲੈ, ਐਬ ਕੀ ਹੈ ?
ਹੁਸੀਨਾਂ ਦੇ ਨੈਣਾਂ ਦੀ ਲਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੪. ਮੈਂ ਕਿਸਮਤ ਦੇ ਨਾਵੇਂ ਨਵੇਂ ਲਿਖ ਲਵਾਂਗਾ,
ਨ ਸੁਣੀਆਂ ਸੁਣਾਈਆਂ ਤੇ ਫੁਲ ਫੁਲ ਬਹਾਂਗਾ ।
ਬੜੀ ਵਾਰ ਡਿਗ ਡਿਗ ਸੰਭਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

-੯੬-