ਪੰਨਾ:ਕੇਸਰ ਕਿਆਰੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮. ਪੇਟ ਦੇ ਪੁਜਾਰੀਆ !

ਪੇਟ ਦੇ ਪੁਜਾਰੀਆ ! ਓ ਰੱਬ ਦਿਆ ਝੋਟਿਆ !
ਭੱਠ ਵਾਂਗ ਭੁੱਖੜਾ ! ਭੜੋਲੇ ਵਾਂਗ ਮੋਟਿਆ !
'ਦੇਈਂ ਦੇਈਂ ਦੇਈਂ' ਦੀ ਦੁਹਾਈ ਪਾਣ ਵਾਲਿਆ !
ਰੱਬ ਨੂੰ ਵੀ ਲੁੱਟ ਲੁੱਟ ਖਾਈ ਜਾਣ ਵਾਲਿਆ !
ਮੰਦਰੇ, ਮਸੀਤੇ, ਧਰਮਸਾਲ ਜਦੋਂ ਜਾਏਂ ਤੂੰ,
ਨੱਕ ਗੋਡਾ ਏਸੇ ਪੇਟ ਵਾਸਤੇ ਘਸਾਏਂ ਤੂੰ ।
ਅੱਗੇ ਤੋਂ ਅਗੇਰੇ, ਹੱਥ ਹਿਰਸ ਦਾ ਵਧਾਨਾ ਏਂ,
ਪਾਣੀ ਉੱਤੇ ਤੇਲ ਵਾਂਗ ਪੱਸਰਦਾ ਜਾਨਾ ਏਂ ।
ਅੱਜ ਘੋੜਾ ਗੱਡੀ ਏ, ਤੇ ਕੱਲ ਮੰਗੇਂ ਕਾਰ ਤੂੰ,
ਤੀਜੇ ਦਿਨ ਏਸ ਤੋਂ ਭੀ ਹੋਵੇਂ ਅਵਾਜ਼ਾਰ ਤੂੰ ।
ਮਿੰਬਰੀ ਤੋਂ ਕੌਂਸਲ, ਤੇ ਕੌਂਸਲੋਂ ਅਸੰਬਲੀ,
ਭਾਰੀ ਹੁੰਦੀ ਜਾਏ, ਜਿੰਨੀ ਭਿੱਜੇ ਤੇਰੀ ਕੰਬਲੀ ।
ਰੱਬ ਜਾਣੇ, ਕੇਡਾ ਤੇਰੀ ਹਿਰਸ ਦਾ ਮੁਨਾਰਾ ਏ,
ਕਿੱਥੇ ਤੇਰੀ ਕਾਮਨਾ ਦੇ ਸਿੰਧੁ ਦਾ ਕਿਨਾਰਾ ਏ ।
ਜਿਹੜਾ ਤੇਰੇ ਲਾਗੇ ਲੱਗਾ, ਓਹੋ ਗਿਆ ਰੰਗਿਆ,
ਚਸਕਿਆਂ ਦੇ ਨਾਗ ਨੇ ਕਬੀਲਾ ਸਾਰਾ ਡੰਗਿਆ ।
ਤੀਵੀਂ ਏ ਤੇ ਫ਼ੈਸਨਾਂ ਦੇ ਥੱਲੇ ਗਈ ਘੁੱਟੀ ਏ,
ਭੋਲੀ ਭਾਲੀ ਦੇਵੀ ਦੀ ਤੂੰ ਆਬ ਰੋਲ ਸੁੱਟੀ ਏ ।
ਦਿਲ ਉਹਦਾ ਰੱਬ ਦੇ ਪਿਆਰ ਦਾ ਖ਼ਜ਼ਾਨਾ ਏ,
ਤੈਨੂੰ ਉਹਦੇ ਮਾਣਨ ਦਾ ਮਿਲ ਗਿਆ ਬਹਾਨਾ ਏ ।
ਭੰਨ ਤੋੜ ਸੁੱਟਿਆ ਤੂੰ ਕੁਦਰਤੀ ਸੁਗ਼ਾਤ ਨੂੰ,
ਝੋਕ ਦਿੱਤਾ ਅੱਗ ਵਿਚ ਉਹਦੇ ਜਜ਼ਬਾਤ ਨੂੰ ।

-੧੨੦-