ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚਿਆਂ ਨੂੰ ਚੰਦਰੀਆਂ ਚਾਟਾਂ ਤੂੰ ਲਗਾਈਆਂ,
ਦੇਸਾਂ ਪਰਦੇਸਾਂ ਦੀਆਂ ਚੌੜਾਂ ਚੰਬੜਾਈਆਂ ।
ਤਰਸ ਤਰਸ ਲੋਕ ਜਿਨ੍ਹਾਂ ਨਯਾਮਤਾਂ ਨੂੰ ਪਾਂਦੇ ਨੇਂ,
ਤੇਰੇ ਨੌਨਿਹਾਲ ਚੱਖ ਚੱਖ ਥੁੱਕੀ ਜਾਂਦੇ ਨੇਂ ।
ਤੁਰਨ ਜੋਗੇ ਛੱਡੇ ਨਹੀਂ ਊਂ ਨਾਲ ਸੰਸਾਰ ਦੇ,
ਹੋ ਗਏ ਸ਼ਿਕਾਰ ਤੇਰੇ ਫੁੱਕਲੇ ਪਿਆਰ ਦੇ ।
ਟਾਹਣੀ ਵਾਂਗ ਕੂਲਾ ਸੀ ਮਸੂਮ ਦਿਲ ਬਾਲਾਂ ਦਾ,
ਖਾ ਗਏ ਫਟਾਕਾ ਤੇਰੇ ਆਤਸ਼ੀ ਖ਼ਿਆਲਾਂ ਦਾ ।
ਦੇਸ ਤੇ ਬਹਾਰ ਸੀ ਲਿਆਣੀ ਜਿਨ੍ਹਾਂ ਫੁੱਲਾਂ ਨੇ,
ਝੁਲਸ ਦਿੱਤਾ ਉਨ੍ਹਾਂ ਨੂੰ ਅਯਾਸ਼ੀ ਦੇ ਪੜੁੱਲਾਂ ਨੇ ।
ਅੱਠੇ ਪਹਿਰ ਮਰਨਗੇ ਤਾਂ ਰੀਝਾਂ ਮਸਾਂ ਲਾਹਣਗੇ,
ਕਿਹੜੀ ਘੜੀ ਭੰਨ ਕੇ, ਓਹ ਦੇਸ਼ ਨੂੰ ਬਚਾਣਗੇ ?
ਛਟੀ ਦਿਆ ਭੁੱਖਿਆ ! ਏ ਚੰਗੇ ਰੰਗ ਲਾਏ ਨੀਂ,
ਹਿਰਸ ਦੇ ਪਹਾੜ ਕੇਡੇ ਉੱਚੇ ਚਾ ਬਣਾਏ ਨੀਂ ।
ਹੋ ਜਾ ਅੱਖੋਂ ਦੂਰ, ਐਵੇਂ ਗੁੱਸਾ ਕੀ ਚੜ੍ਹਾਨਾ ਏਂ,
ਰੱਬ ਨੂੰ ਵੀ ਮੂਰਖਾ ! ਤੂੰ ਅੰਨ੍ਹਿਆਂ ਬਣਾਨਾ ਏਂ ?
ਸੌ ਨੂੰ ਭੁੱਖਾ ਮਾਰ, ਤੈਨੂੰ ਕੱਲੇ ਨੂੰ ਰਜਾਏਗਾ ?
ਕਿੰਨਾ ਚਿਰ ਤੇਰਾ ਉਹ ਲਿਹਾਜ਼ ਕਰੀ ਜਾਏਗਾ ?
ਰੱਬ ਨੂੰ ਜੇ ਸੱਚ ਮੁੱਚ ਰੱਬ ਹੀ ਪਛਾਣਦੋਂ,
ਫੇਰ ਦਾਤ ਓਸਦੀ ਨੂੰ ਵਰਤਣਾ ਭੀ ਜਾਣਦੋਂ ।
ਖਾਂਦੋਂ ਕੁਝ ਆਪ, ਕੁਝ ਹੋਰਾਂ ਨੂੰ ਖੁਆਉਂਦੋਂ,
ਸੱਧਰਾਂ ਦੇ ਢੇਰ ਵੇਖ ਚਾ ਕੇ ਬਣਾਉਂਦੋਂ ।
ਰੱਬ ਤੇਰੇ ਭਾਣੇ ਪਰ ਜੀਉਂਦਾ ਹੀ ਮਰ ਗਿਆ,
ਧਰਤਿ ਦੀ ਹਕੂਮਤ ਹਵਾਲੇ ਤੇਰੇ ਕਰ ਗਿਆ ।

-੧੨੧-