ਪੰਨਾ:ਕੇਸਰ ਕਿਆਰੀ.pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦. ਚਸ਼ਮੇ ਨੂੰ.

ਉਛਲ ਉਛਲ ਕੇ ਡੁਲ੍ਹਦਿਆ ਚਸ਼ਮਿਆ !
ਤੂੰ ਕਿਤ ਦੁਖ ਰੁੜ੍ਹਦਾ ਜਾਵੇਂ ?
ਦਿਲ ਦੀ ਤਹੀਂ ਵਲ੍ਹੇਟੀਆਂ ਸੱਧਰਾਂ,
ਕਢ ਕਢ ਢੇਰੀਆਂ ਲਾਵੇਂ,
ਕਿਸ ਦਿਲਬਰ ਦੀਆਂ ਹਿਜਰ-ਤਰਾਟਾਂ,
(ਤੇਰੇ) ਅੰਦਰ ਫੇਰਨ ਕਾਤੀ ?
ਰਗ ਰਗ ਵਿੱਚੋਂ ਖੂਨ ਧਰੂਹੇਂ,
(ਅਤੇ) ਅਖੀਆਂ ਰਾਹੀਂ ਵਹਾਵੇਂ ।

(ਉਤ੍ਰ)

ਅਰਸ਼ੋਂ ਪਟਕ, ਪਿਆ ਪਰਬਤ ਤੇ,
(ਉਨ) ਸਿਰ ਤੇ ਚੁੱਕ ਬਹਾਇਆ,
ਅਪਣਾ ਆਪ ਘੁਲਾ ਕੇ, ਏਥੋਂ
(ਉਹਦੀ) ਨਸ ਨਸ ਵਿੱਚ ਸਮਾਇਆ ।
ਘੁੱਪ ਹਨੇਰਾ (ਅਤੇ) ਅਰਸ਼ ਵਿਛੋੜਾ,
(ਮੈਥੋਂ) ਗਏ ਨ ਮੂਲ ਸਹਾਰੇ,
ਕਿਰਨਾਂ ਰਾਹੀਂ ਚੜ੍ਹਨ ਉਤਾਂਹ ਨੂੰ
(ਮੈਂ) ਕੁਦ ਕੁਦ ਬਾਹਰ ਆਇਆ ।

-੧੩੮-