ਪੰਨਾ:ਕੇਸਰ ਕਿਆਰੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਏਹ ਮੋਤੀ, ਸੁਹਲ ਸਜਾਏ,
ਸਿਪੀਆਂ ਵਿਚ ਕੁਦਰਤ ਪਾਏ ।
ਬਟੂਏ ਪਏ ਮੁਸ਼ਕ ਤਤਾਰੀ,
ਏਹ ਨਿੰਬੂਏ ਨੇ ਸਰਕਾਰੀ,
ਦਫਤਰ ਨੇ ਵਲਵਲਿਆਂ ਦੇ,
ਸੋਮੇ ਨੇ ਇਸ਼ਕ-ਝਨਾਂ ਦੇ ।
ਪਾਂਧੀ ਨੇ ਪ੍ਰੇਮ-ਨਗਰ ਦੇ,
ਪਹੁੰਚਣ ਦਾ ਹੀਲਾ ਕਰਦੇ,

ਰਾਹ ਵਿਚ ਨ ਬੇੜਾ ਬੋੜੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

੪. ਏਹ ਗ਼ੁਨਚੇ ਲਟ ਲਟ ਜਗਦੇ,
ਚੰਗਿਆੜੇ ਦਿਲ ਦੀ ਅੱਗ ਦੇ,
ਅਸਮਤ ਦੇ ਬੰਦ ਖਜ਼ਾਨੇ,
ਏਹ ਰਬ ਦੇ ਖਲਵਤਖਾਨੇ ।
ਵਲ ਛਲ ਤੋਂ ਦਿਲ ਨੇ ਖਾਲੀ,
ਦੇਖੀ ਨਹੀਂ ਦੁਨੀਆਂ ਹਾਲੀ ।
ਨਾ ਹੁਸਨ-ਬਜ਼ਾਰ ਲਗਾਇਆ,
ਨਾ ਵਾਹਵਾ ਵਾ ਅਖਵਾਇਆ,

ਅਧਵਾਟਿਓਂ ਪਿਛ੍ਹਾਂ ਨ ਮੋੜੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

-੯-