ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/113

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਜਾਣੇ ਵਗ ਲੈਣ ਦਿਉ ਇਨ੍ਹਾਂ ਨੂੰ - ਰੋ ਲੈਣ ਦਿਉ ਮੈਨੂੰ - ਇਹ ਵੀ ਪਿਆਰ ਦੀ ਕਿਤਾਬ ਦਾ ਇਕ ਜ਼ਰੂਰੀ ਭਾਗ ਹੈ - ਜਿਸ ਦਾ ਸੁਆਦ ਸਾਰਿਆਂ ਨੂੰ ਨਹੀਂ ਮਿਲ ਸਕਦਾ। ਮੈਂ ਵੀ ਰੋਣਾ ਚਾਹੁੰਦੀ ਹਾਂ ... ... ਰਜ ਕੇ ... .. ਰੋ ਕੇ ਸ਼ਾਇਦ ਦਿਲ ਦਾ ਭਾਰ ਹੌਲਾ ਹੋ ਜਾਏ .... ... ਜੇ ਇਹ ਸਧਰਾਂ ਭਰੇ ਅੱਥਰੂ ਅੰਦਰ ਰਹਿ ਗਏ ਤਾਂ ਕਿਤੇ ਕੋਈ ਬੀਮਾਰੀ ਦਾ ਸ਼ਿਕਾਰ ਨਾ ਬਣ ਜਾਵਾਂ। ਇਹੋ ਜਿਹੇ ਹੰਝੂ ਤੇ ਸ਼ਾਇਦ ਕਈ ਵਾਰੀ ਹੁਣ ਵਗਿਆ ਕਰਨਗੇ। ਰੋਕਿਆਂ ਰੁਕਣ ਨਹੀਂ ਲਗੇ। ਤੁਹਾਡੇ ਬਿਨਾਂ ਕਿਸ ਨੇ ਠਲਨਾ ਹੈ ਇਨ੍ਹਾਂ ਨੂੰ।

ਨਹੀਂ ... ਨਹੀਂ .... ਮੈਂ ਨਹੀਂ ਰੋ ਰਹੀ ... ਇਹ ਤੇ ਐਵੇਂ ਦਿਲ ਚੋਂ ਉਬਾਲ ਜਿਹਾ ਉਠਿਆ ਸੀ, ਤੇ ਅਥਰੂ ਵਗ ਤੁਰੇ ਸਨ। ਮੈਂ ਤੁਹਾਨੂੰ ਕਮਜ਼ੋਰ ਦਿਲ ਨਾਲ ਨਹੀਂ, ਦੁਨੀਆਂ ਦੇ ਜੀਵਨ ਮੈਦਾਨ ਵਿਚ ਤਕੜੇ ਦਿਲ ਨਾਲ ਭੇਜਣਾ ਚਾਹੁੰਦੀ ਹਾਂ। ਹਿੰਮਤ, ਪਿਆਰ, ਦਲੇਰੀ ਤੇ ਪ੍ਰਸੰਸਾ ਨਾਲ ਤੁਹਾਨੂੰ ਲਦ ਕੇ ਭੇਜਣਾ ਚਾਹੁੰਦੀ ਹਾਂ, ਤਾਂ ਜੁ ਕੋਈ ਵੀ ਔਕੜ ਤੁਹਾਨੂੰ ਅਗੇ-ਵਧਣ ਤੋਂ ਨਾ ਰੋਕ ਸਕੇ, ਤੇ ਤੁਸੀ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਚਲੇ ਜਾਉ। .. .. ਇਹ ਸਭ ਕੁਝ ਮੇਰੇ ਲਈ ਜੁ ਹੋਵੇਗਾ। ਠੀਕ ਹੈ ਨਾ? ਮੈਂ ਵੀਰ ਜੀ ਦੇ ਤਰਲੇ ਮਿੰਨਤਾਂ ਕਰਾਂਗੀ, ਹਾੜੇ ਕਢਾਂਗੀ, ਜਿਸ ਤਰ੍ਹਾਂ ਵੀ ਹੋਇਆ ਮਨਾਉਣ ਦੀ ਕੋਸ਼ਿਸ਼ ਕਰਾਂਗੀ ਕਿ ਉਹ ਮੈਨੂੰ ਆਪਣੇ ਨਾਲ ਤੁਹਾਨੂੰ ਤੋਰਨ ਲਈ ਸਟੇਸ਼ਨ ਤੇ ਲੈ ਜਾਣ ... ... ਇਹ ਮੇਰੀ ਬੜੀ ਚਾਹ ਹੈ। ਆਸ ਤੇ ਹੈ ਉਹ ਮੰਨ ਜਾਣਗੇ। ਜੋ ਕੁਝ ਕਹਿਣਗੇ ਮੈਂ ਸਹਾਰ ਲਵਾਂਗੀ, ਸੁਣ ਲਵਾਂਗੀ ਤੇ ਬਰਦਾਸ਼ਤ ਕਰਾਂਗੀ।

ਕਾਸ਼! ਮੈਂ ਤੁਹਾਡੀ ਪੈਕਿੰਗ ਆਦਿ ਵਿਚ ਕੋਈ ਮਦਦ ਕਰ ਸਕਦੀ। ਤੁਸੀ ਬੜੇ ਰੁਝੇ ਹੋਏ ਹੋਵੋਗੇ, ਇਸ ਲਈ ਹੋਰ ਕੁਝ ਨਹੀਂ ਲਿਖਦੀ।

ਬੜੇ ਡੂੰਘੇ ਤੇ ਨਿਘੇ ਪਿਆਰ ਨਾਲ,

ਤੁਹਾਡੀ..............

੯੯