ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੩੩

ਮੇਰੇ ਪਿਆਰੇ ਦੇਵਿੰਦਰ ਜੀ,

ਤੁਸੀ ਸੱਚ ਮੁਚ ਜਾ ਰਹੇ ਹੋ? ਜਾਓ! ਜਾਓ! ਸ਼ੌਕ ਨਾਲ ਜਾਓ, ਖ਼ੁਸ਼ੀ ਨਾਲ ਜਾਓ। ਤੁਸੀ ਵਧ ਤੋਂ ਵਧ ਤਰੱਕੀ ਕਰਦੇ ਰਹੋ, ਉੱਚੇ ਤੋਂ ਉੱਚਾ ਰੁਤਬਾ ਤੁਹਾਨੂੰ ਮਿਲਦਾ ਰਹੇ। ਤੁਸੀ ਸਦਾ ਖ਼ੁਸ਼ੀ ਦੀ ਪੀਂਘ ਝੂਟਦੇ ਰਹੋ; ਤੁਹਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਹੁੰਦੀਆਂ ਰਹਿਣ ... ... ਇਹ ਮੇਰੀ ਦਿਲੀ ਪ੍ਰਾਰਥਨਾ ਹੈ।

ਪਰ, ਮੇਰੇ ਸਿਆਣੇ ਦੇਵਿੰਦਰ, ਮੈਂ ਇਹ ਜੁਦਾਈ ਦੀਆਂ ਘੜੀਆਂ ਕਿਸ ਤਰ੍ਹਾਂ ਗੁਜ਼ਾਰਾਂਗੀ? ਤੁਹਾਨੂੰ ਪਤਾ ਹੈ ਨਾ ਕਿ ਵਿਛੋੜੇ ਦੀਆਂ ਘੜੀਆਂ ਕਿਸ ਤਰ੍ਹਾਂ ਠਹਿਰ ਠਹਿਰ ਕੇ, ਰੁਕ ਰੁਕ ਕੇ ਬੀਤਦੀਆਂ ਨੇ। ਮੈਂ ਆਪਣੇ ਅਰਮਾਨਾਂ ਦਾ ਕਿਸ ਤਰ੍ਹਾਂ ਹਲ ਲਭਾਂਂਗੀ? ਕੌਣ ਆ ਕੇ ਦਿਲਾਸਾ ਦਿਆ ਕਰੇਗਾ? ਮੈਨੂੰ ਕਿਸ ਕੋਲੋਂ ਪ੍ਰਸੰਸਾ ਮਿਲੇਗੀ? ਦਿਲ ਦਾ ਭਾਰ ਕਿਸ ਅਗੋ ਹੌਲਾ ਕਰਿਆ ਕਰਾਂਗੀ? ਕਿਸੇ ਨੇ ਮੇਰੀ ਪਰਵਾਹ ਨਹੀਂ ਕਰਨੀ। ਕਿਸੇ ਨੇ ਹਮਦਰਦੀ ਨਹੀਂ ਦੱਸਣੀ। ਲੋਕਾਂ ਸਗੋਂ ਤੰਗ ਕਰਨਾ ਸ਼ੁਰੂ ਕਰ ਦੇਣਾ ਹੈ। ਮੈਨੂੰ ਉਦਾਸ ਦੇਖ ਕੇ, ਇਸ ਦਾ ਕਾਰਨ ਪੁੱਛਿਆ ਕਰਨਗੇ ਤੇ ਕੀ ਦਸਾਂਗੀ? ਲੋਕਾਂ ਦੇ ਤਾਹਨੇ ਮੇਹਣੇ ਕਿਸ ਤਰ੍ਹਾਂ ਬਰਦਾਸ਼ਤ ਕਰਾਂਗੀ? ਮੇਰੀਆਂ, ਅੱਖਾਂ......ਹਾਂ, ਡਲ੍ਹਕਣੀਆਂ ਸ਼ੁਰੂ ਹੋ ਗਈਆਂ ਨੇ, ਦਿਲ ਦੇ ਗੁਬਾਰਾਂ ਦਾ ਪਿਆਲਾ ਭਰ ਕੇ ਉਛਲਣ ਲਗਾ ਹੈ। ਵਗਣੇ ਸ਼ੁਰੂ ਹੋ ਗਏ ਨੇ ਮੇਰੇ ਦਿਲ ਦੇ ਹੰਝੂ। ਹੁਣ ਇਹ ਕਿਸ ਤਰ੍ਹਾਂ ਰੁਕਣਗੇ।

੯੮